ਭੀਮ ਕਤਲ ਕਾਂਡ 'ਚ ਫਾਜ਼ਿਲਕਾ ਅਦਾਲਤ ਦਾ ਵੱਡਾ ਫੈਸਲਾ: 24 ਦੋਸ਼ੀਆਂ ਨੂੰ ਉਮਰ ਕੈਦ

Thursday, Aug 08, 2019 - 05:11 PM (IST)

ਜਲਾਲਾਬਾਦ (ਸੇਤੀਆ) - ਫਾਜ਼ਿਲਕਾ ਵਿਖੇ 11 ਦਸੰਬਰ 2015 ਨੂੰ ਪਿੰਡ ਰਾਮਸਰਾ ਸਥਿਤ ਫਾਰਮ ਹਾਊਸ 'ਚ ਵਾਪਰੇ ਦਲਿਤ ਨੌਜਵਾਨ ਭੀਮ ਟਾਂਕ ਕਤਲ ਕਾਂਡ ਦੇ ਮਾਮਲੇ 'ਚ ਜ਼ਿਲਾ ਅਤੇ ਸੈਸ਼ਨ ਕੋਰਟ ਵਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ। ਫਾਜ਼ਿਲਕਾ ਦੀ ਅਦਾਲਤ ਨੇ ਇਸ ਮਾਮਲੇ ਦੇ 24 ਦੋਸ਼ੀਅ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਦੋਸ਼ੀ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਵਲੋਂ ਇਸ ਮਾਮਲੇ ਦੇ ਸਬੰਧ 'ਚ ਇਕ ਵਿਅਕਤੀ ਨੂੰ ਦੋਸ਼ ਮੁਕਤ ਕਰਾਰ ਕਰਦੇ ਹੋਏ ਬਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਭੀਮ ਟਾਂਕ ਕਤਲ ਕਾਂਡ ਮਾਮਲਾ ਐਡੀਸ਼ਨਲ ਜੱਜ ਫਾਜ਼ਿਲਕਾ ਜਸਪਾਲ ਸਿੰਘ ਦੀ ਅਦਾਲਤ 'ਚ ਚੱਲ ਰਿਹਾ ਸੀ, ਜਿਸ 'ਚ 26 ਮੁਲਜ਼ਮ ਸ਼ਾਮਲ ਸਨ, ਜਿਨ੍ਹਾਂ 'ਚੋਂ ਅੱਜ 25 ਨੂੰ ਸਜ਼ਾ ਦੇਣ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ।

PunjabKesari

ਜ਼ਿਕਰਯੋਗ ਹੈ ਕਿ 11 ਦਸੰਬਰ 2015 ਨੂੰ ਸ਼ਿਵ ਲਾਲ ਡੋਡਾ ਦੇ ਪਿੰਡ ਰਾਮਸਰਾ ਦੇ ਨੇੜੇ ਫਾਰਮ ਹਾਊਸ 'ਚ ਦਲਿਤ ਨੌਜਵਾਨ ਭੀਮ ਦਾ ਕਤਲ ਤੇ ਉਸ ਦੇ ਸਾਥੀ ਗੁਰਜੰਟ ਸਿੰਘ ਜੰਟਾ ਨੂੰ ਗੰਭੀਰ ਰੂਪ ਨਾਲ ਫੱਟੜ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ।  ਮੁਲਜ਼ਮਾਂ ਨੇ ਬੜੀ ਹੀ ਬੇਰਹਿਮੀ ਨਾਲ ਦਲਿਤ ਨੌਜਵਾਨ ਭੀਮ ਦੇ ਹੱਥ ਪੈਰ ਕੱਟ ਦਿੱਤੇ ਸਨ ਅਤੇ ਉਸ ਦੇ ਸਾਥੀ ਦੇ ਹੱਥਾਂ ਅਤੇ ਲੱਤਾਂ 'ਤੇ ਵੀ ਕਈ ਹਮਲੇ ਕੀਤੇ ਸਨ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਸ਼ਿਵ ਲਾਲ ਡੋਡਾ ਤੇ ਉਸ ਦੇ ਭਤੀਜੇ ਅਮਿਤ ਡੋਡਾ ਨੂੰ ਸਾਜਿਸ਼ਕਰਤਾ ਦੇ ਰੂਪ 'ਚ ਸ਼ਾਮਲ ਕੀਤਾ।

PunjabKesari

ਮੁਲਜ਼ਮ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਨੇ ਆਪਣੀ ਜ਼ਮਾਨਤ ਕਰਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ 'ਚ ਕਈ ਵਾਰ ਪਟੀਸ਼ਨਾਂ ਦਾਇਰ ਕੀਤੀਆਂ ਸਨ ਪਰ ਅਦਾਲਤਾਂ ਨੇ ਸਾਜਿਸ਼ਕਰਤਾਵਾਂ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਕੁਝ ਸਮਾਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜ਼ਿਲਾ ਅਤੇ ਸੈਸ਼ਨ ਜੱਜ ਫਾਜ਼ਿਲਕਾ ਨੂੰ ਇਹ ਮਾਮਲਾ ਅਗਸਤ ਮਹੀਨੇ ਤੱਕ ਨਿਪਟਾਉਣ ਦੇ ਆਦੇਸ਼ ਜਾਰੀ ਕੀਤੇ ਸਨ।


rajwinder kaur

Content Editor

Related News