ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਫਾਰਮ ਭਰਾ ਕੇ ਮੁਆਵਜ਼ਾ ਦੇਣਾ ਭੁੱਲੀ

Friday, Jan 31, 2020 - 10:54 AM (IST)

ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੇ ਫਾਰਮ ਭਰਾ ਕੇ ਮੁਆਵਜ਼ਾ ਦੇਣਾ ਭੁੱਲੀ

ਭਿੱਖੀਵਿੰਡ (ਸੁਖਚੈਨ, ਅਮਨ) : ਪੰਜਾਬ ਦੀ ਕਿਸਾਨੀ ਜੋ ਅੱਜ ਪੂਰੀ ਤਰ੍ਹਾਂ ਨਾਲ ਕਰਜ਼ੇ ਹੇਠ ਦੱਬੀ ਪਈ ਹੈ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਵੀ ਕਿਸਾਨਾਂ ਨੂੰ ਇਸ ਮੁਸ਼ਕਲ ਵਿਚੋਂ ਬਾਹਰ ਕੱਢਣ ਲਈ ਚੋਣਾਂ ਤੋਂ ਪਹਿਲਾਂ ਕਰਜ਼ੇ ਮੁਆਫ ਕਰਨ ਅਤੇ ਕਿਸਾਨਾਂ ਨੂੰ ਫਸਲਾਂ ਦੇ ਵੱਧ ਭਾਅ ਦਿਵਾਉਣ ਦੇ ਵਾਅਦਿਆਂ ਤੋਂ ਬਾਅਦ ਸੱਤਾ ਵਿਚ ਆਉਣ 'ਤੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ, ਜਿਸ ਦੀ ਮਿਸਾਲ ਹੈ ਪ੍ਰਦੂਸ਼ਣ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਜਿਸ ਤਰ੍ਹਾਂ ਪੰਜਾਬ ਸਰਕਾਰ ਪੇਸ਼ ਆਈ ਕਿ ਸਰਕਾਰ ਨੇ ਬਹੁਤੇ ਕਿਸਾਨ ਦੋਸ਼ੀ ਹੀ ਬਣਾ ਦਿੱਤੇ ਅਤੇ ਕਿਸਾਨਾਂ 'ਤੇ ਪਰਾਲੀ ਨੂੰ ਸਾੜਨ ਸਬੰਧੀ ਪੰਜਾਬ ਦੇ ਹਰ ਥਾਣੇ ਅੰਦਰ ਵੱਡੀ ਗਿਣਤੀ 'ਚ ਕਿਸਾਨਾਂ 'ਤੇ ਕੇਸ ਦਰਜ ਕੀਤੇ ਗਏ ਹਨ ਅਤੇ ਸਰਕਾਰ ਨੇ ਜੋ ਕਿਸਾਨਾਂ ਨਾਲ ਇਕ ਵਾਅਦਾ ਕੀਤਾ ਸੀ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਨ੍ਹਾਂ ਨੂੰ ਸਰਕਾਰ ਪਾਰਲੀ ਨੂੰ ਬਾਹਰ ਕੱਢਣ ਜਾਂ ਖੇਤਾਂ ਅੰਦਰ ਹੀ ਵਾਹ ਕੇ ਕਣਕ ਦੀ ਬੀਜਾਈ ਕਰਨ 'ਤੇ ਮੁਆਵਜ਼ਾ ਦੇਵੇਗੀ, ਜਿਸ ਲਈ ਕਿਸਾਨਾਂ ਤੋਂ ਸਰਕਾਰ ਨੇ ਫਾਰਮ ਵੀ ਭਰਾ ਲਏ ਪਰ ਅੱਜ ਤੱਕ ਕਿਸਾਨਾਂ ਦੇ ਖਾਤਿਆਂ ਵਿਚ ਇਕ ਵੀ ਪੈਸਾ ਨਹੀਂ ਆਇਆ ਅਤੇ ਜਿਹੜੇ ਕਿਸਾਨਾਂ ਨੇ ਪਰਾਲੀ ਖੇਤਾਂ ਅੰਦਰ ਹੀ ਵਾਹੀ ਸੀ ਉਨ੍ਹਾਂ ਕਿਸਾਨਾਂ ਲਈ ਇਕ ਹੋਰ ਸਿਰ ਦਰਦੀ ਬਣੀ ਕਿ ਉਸ ਕਣਕ ਦੀ ਫਸਲ ਦੀਆਂ ਜੜਾਂ ਅੰਦਰ ਇਕ ਸੂੰਡੀ ਨੇ ਹਮਲਾ ਕਰ ਦਿੱਤਾ, ਜਿਸ 'ਤੇ ਕਿਸਾਨਾਂ ਨੂੰ ਮਹਿੰਗੀ ਦਵਾਈ ਦੀ ਸਪਰੇਅ ਕਰਨੀ ਪਈ, ਜਿਸ ਦਾ ਵਾਧੂ ਬੋਝ ਕਿਸਾਨ 'ਤੇ ਪਿਆ ਹੈ।

ਕੀ ਕਹਿਣਾ ਹੈ ਕਿਸਾਨ ਆਗੂ ਦਿਲਬਾਗ ਸਿੰਘ ਦਾ
ਕਿਸਾਨ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ ਕਿਉਂਕਿ ਸਰਕਾਰ ਨੇ ਉਨ੍ਹਾਂ ਕਿਸਾਨਾਂ 'ਤੇ ਪਰਾਲੀ ਨੂੰ ਅੱਗ ਲਾਉਣ ਦੇ ਕੇਸ ਦਰਜ ਕੀਤੇ ਹਨ, ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਕਰਜ਼ੇ ਚੁੱਕੇ ਕੇ ਪਰਾਲੀ ਨੂੰ ਖੇਤਾਂ ਅੰਦਰ ਹੀ ਵਾਹਿਆ ਹੈ। ਜੋ 2500 ਰੁਪਏ ਪ੍ਰਤੀ ਏਕੜ ਦਾ ਦੇਣ ਦਾ ਐਲਾਨ ਕੀਤਾ ਸੀ, ਉਨ੍ਹਾਂ ਨੂੰ ਸਰਕਾਰ ਨੇ ਅਜੇ ਤੱਕ ਇਕ ਵੀ ਰੁਪਇਆ ਨਹੀਂ ਦਿੱਤਾ।

ਕੀ ਕਹਿਣਾ ਹੈ ਕਿਸਾਨ ਆਗੂ ਦਲਜੀਤ ਸਿੰਘ ਦਿਆਲਪੁਰ ਦਾ
ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਬਹੁਤ ਕਰਜਾਈ ਹੋ ਚੁੱਕਾ ਹੈ ਅਤੇ ਸਰਕਾਰ ਹੋਰ ਵੀ ਕਰਜਾਈ ਕਰਨ ਲਈ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ। ਪ੍ਰਤੀ ਏਕੜ ਪਰਾਲੀ ਨੂੰ ਖੇਤਾਂ ਅੰਦਰ ਵਾਹੁਣ ਲਈ ਕਰੀਬ 6000 ਰੁਪਇਆਂ ਖਰਚਾ ਆਉਂਦਾ ਹੈ ਪਰ ਇਸ ਸਰਕਾਰ ਨੇ 2500 ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਉਹ ਵੀ ਫਾਰਮ ਭਰਨ ਤੱਕ ਹੀ ਸੀਮਤ ਰਹਿ ਗਏ ਹਨ, ਕਿਸੇ ਵੀ ਕਿਸਾਨ ਨੂੰ ਇਕ ਰੁਪਇਆ ਨਹੀਂ ਦਿੱਤਾ ਗਿਆ।

ਕੀ ਕਹਿਣਾ ਹੈ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਦਾ
ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹ ਮੰਗ ਕਰਦੇ ਹਾਂ ਅਤੇ ਕੀਤੀ ਵੀ ਹੈ ਕਿ ਪ੍ਰਤੀ ਏਕੜ ਕਿਸਾਨ ਨੂੰ 6000 ਰੁਪਏ ਦਿੱਤਾ ਜਾਵੇ ਜਾਂ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਪਰ ਇਸ ਦੀ ਥਾਂ ਕਿਸਾਨਾਂ 'ਤੇ ਕੇਸ ਜ਼ਰੂਰ ਦਰਜ ਕੀਤੇ ਹਨ ਜੋ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਹ ਰੱਦ ਕੀਤੇ ਜਾਣ ਪਰ ਸਰਕਾਰ ਕਿਸਾਨਾਂ ਨਾਲ ਵੱਡਾ ਧੋਖਾ ਕਰ ਰਹੀ ਹੈ ਜੋ ਬਰਦਾਸ਼ ਤੋਂ ਬਾਹਰ ਹੈ।

ਕੀ ਕਹਿਣਾ ਹੈ ਮੇਹਰ ਸਿੰਘ ਤਲਵੰਡੀ ਦਾ
ਮੇਹਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਇਕ ਅਪੀਲ ਕੀਤੀ ਸੀ ਕਿ ਜਿਹੜੇ ਕਿਸਾਨ ਖੇਤਾਂ ਅੰਦਰ ਅੱਗ ਨਹੀਂ ਲਾਉਣਗੇ ਉਨ੍ਹਾਂ ਨੂੰ ਸਰਕਾਰ 2500 ਰੁਪਏ ਦੇਵੇਗੀ ਅਤੇ ਸਰਕਾਰ ਨੇ ਕਿਸਾਨਾਂ ਦੇ ਫਾਰਮ ਵੀ ਭਰਾ ਲਏ ਸੀ ਪਰ ਅੱਜ ਤੱਕ ਉਹ ਫਾਰਮ ਦਫਤਰਾਂ ਦੀਆਂ ਫਾਈਲਾਂ ਵਿਚ ਹੀ ਰਹਿ ਗਏ ਹਨ ਪਰ ਕਿਸਾਨ ਨੂੰ ਕੋਈ ਵੀ ਪੈਸਾ ਸਰਕਾਰ ਨੇ ਨਹੀਂ ਦਿੱਤਾ।


author

Baljeet Kaur

Content Editor

Related News