ਸਰਕਾਰੀ ਹੁਕਮਾਂ ਬਾਵਜੂਦ ਪ੍ਰਸ਼ਾਸਨ ਬੋਰਵੈੱਲਾ ਨੂੰ ਬੰਦ ਕਰਵਾਉਣ ਲਈ ਨਹੀਂ ਦਿਖਾ ਰਿਹਾ ਗੰਭੀਰਤਾ

06/15/2019 6:49:25 PM

ਭਵਾਨੀਗੜ੍ਹ (ਵਿਕਾਸ)— ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਡਿੱਗ ਕੇ ਦੋ ਸਾਲਾਂ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਹੋਈ ਮੌਤ ਦੀ ਮੰਦਭਾਗੀ ਘਟਨਾ ਮਗਰੋਂ ਵੀ ਇੱਥੇ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਬੀਤੇ ਦਿਨੀਂ ਸਬ ਡਵੀਜਨ ਭਵਾਨੀਗੜ੍ਹ ਦੇ ਪਿੰਡ ਰਾਮਪੁਰਾ 'ਚ ਖੁਲੇ ਮਿਲ੍ਹੇ ਬੋਰਵੈੱਲ ਤੋਂ ਬਾਅਦ ਹੁਣ ਪਿੰਡ ਬਾਲਦ ਕਲਾਂ 'ਚ ਪੰਚਾਇਤੀ ਜ਼ਮੀਨ 'ਚ ਲੱਗਾ ਕਰੀਬ 200 ਫੁੱਟ ਡੂੰਘਾ 9 ਇੰਚੀ ਚੋੜੇ ਖੁੱਲਾ ਖਤਰਨਾਕ ਦੋ ਬੋਰਵੈੱਲ ਅਜੇ ਤੱਕ ਪ੍ਰਸ਼ਾਸਨ ਦੀ ਨਜ਼ਰੀਂ ਨਹੀਂ ਚੜ੍ਹ ਸਕਿਆ ਹੈ। ਭਾਵੇ ਕਿ ਪਿੰਡ ਰਾਮਪੁਰਾ 'ਚ ਵਾਟਰ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕੱਲ ਹੀ ਆਨਨ-ਫਾਨਨ 'ਚ ਆਰਜੀ ਤੌਰ 'ਤੇ ਬੋਰਵੈੱਲ ਨੂੰ ਬੰਦ ਕਰਕੇ ਬੁੱਤਾ ਧੱਕ ਦਿੱਤਾ ਗਿਆ ਪਰ ਲੋਕਾਂ ਦਾ ਕਹਿਣਾ ਹੈ। ਪ੍ਰਸ਼ਾਸਨ ਨੂੰ ਇਸ ਤਰਾਂ ਦੇ ਖਤਰਨਾਕ ਖੁੱਲੇ ਬੋਰਵੈੱਲਾਂ ਨੂੰ ਅਪਣੀ ਨਿਗਰਾਨੀ ਹੇਠ ਪੱਕੇ ਤੌਰ 'ਤੇ ਬੰਦ ਕਰਵਾਉਣੇ ਚਾਹੀਦੇ ਹਨ।

ਸ਼ਨੀਵਾਰ ਨੂੰ ਪਿੰਡ ਬਾਲਦ ਕਲਾਂ 'ਚ ਪੱਤਰਕਾਰਾਂ ਦੀ ਇਕ ਟੀਮ ਵੱਲੋਂ ਜਾ ਕੇ  ਦੇਖਿਆ ਗਿਆ ਕਿ ਵਾਟਰ ਵਰਕਸ ਦੀ ਇਮਾਰਤ ਦੇ ਠੀਕ ਸਾਹਮਣੇ ਪਿੰਡ ਦੀ ਪੰਚਾਇਤੀ ਜ਼ਮੀਨ 'ਚ ਲੱਗਿਆ ਖੁੱਲਾ ਪਿਆ ਬੋਰਵੈੱਲ ਕਦੇ ਵੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਜਿਸ ਨੂੰ ਬੰਦ ਕਰਵਾਉਣ ਲਈ ਨਾ ਤਾਂ ਪੰਚਾਇਤ ਤੇ ਨਾ ਹੀ ਪ੍ਰਸ਼ਾਸਨ ਦੇ ਕਿਸੇ  ਅਧਿਕਾਰੀ ਵੱਲੋਂ ਪਹਿਲ ਕੀਤੀ ਗਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪਣੇ-ਅਪਣੇ ਇਲਾਕਿਆਂ 'ਚ ਖੁੱਲੇ ਪਏ ਬੋਰਵੈੱਲਾ ਬਾਰੇ ਜਾਣਕਾਰੀ ਇੱਕਤਰ ਕਰਕੇ ਉਨ੍ਹਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰੰਤੂ ਬਾਵਜੂਦ ਇਸ ਦੇ ਭਵਾਨੀਗੜ੍ਹ 'ਚ ਪ੍ਰਸ਼ਾਸਨ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਲਾਗੂ ਕਰਵਾਉਣ 'ਚ ਢਿੱਲਾ ਸਾਬਤ ਹੋ ਰਿਹਾ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋ ਚੈੱਕ ਕਰਨ 'ਤੇ ਧਿਆਨ 'ਚ ਆਇਆ ਹੈ ਕਿ  ਪੰਚਾਇਤੀ ਜ਼ਮੀਨ ਦੇ ਦੋਵੇਂ ਬੋਰਵੈੱਲਾਂ ਦੇ ਮੂੰਹ ਖੁਲੇ ਹਨ ਜਿੰਨਾਂ ਨੂੰ ਹੁਣੇ ਹੀ ਬੰਦ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਆਲੋਅਰਖ ਤੇ ਡੇਹਲੇਵਾਲ-ਭਰਾਜ ਨੇੜੇ ਵੀ ਵਾਟਰ ਵਰਕਸ 'ਚ ਇਸੇ ਤਰ੍ਹਾਂ ਦੇ ਬੋਰਵੈੱਲ ਦੇ ਮੂੰਹ ਖੁੱਲੇ ਪਏ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ।

ਉਧਰ ਖੁੱਲ੍ਹੇ ਬੋਰਵੈੱਲਾਂ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਲਈ ਜਦੋਂ ਪੱਤਰਕਾਰਾਂ ਵੱਲੋਂ ਐਸਡੀਐਮ ਭਵਾਨੀਗੜ੍ਹ ਨੂੰ ਫੋਨ ਕੀਤਾ ਗਿਆ ਤਾਂ ਜਨਾਬ ਨੇ ਇਕ ਵਾਰ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਬਾਅਦ 'ਚ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਾਮ ਥੋਰੀ ਦੇ ਉਕਤ ਮਾਮਲਾ ਧਿਆਨ 'ਚ ਲਿਆਉਂਣ 'ਤੇ ਸ਼ਾਮ ਤੱਕ ਸਬ ਡਵੀਜ਼ਨ ਭਵਾਨੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਹੜਕੰਪ ਮੱਚ ਗਿਆ ਤੇ ਮੀਡਿਆ ਕਰਮੀਆਂ ਦੇ ਫੋਨ ਕਾਲ ਅਟੈੰਡ ਨਾ ਕਰਨ ਵਾਲੇ ਅਧਿਕਾਰੀ ਖੁਦ ਫੋਨ ਕਰਕੇ ਸਬ ਡਿਵੀਜ਼ਨ 'ਚ ਖੁੱਲ੍ਹੇ ਬੋਰਵੈਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਰਹੇ।


Baljit Singh

Content Editor

Related News