'ਆਪ' ਜ਼ਿਮਨੀ ਚੋਣਾਂ 'ਚ ਸਾਰੀਆਂ ਸੀਟਾਂ 'ਤੇ ਕਰੇਗੀ ਸ਼ਾਨਦਾਰ ਜਿੱਤ ਦਰਜ : ਭਗਵੰਤ ਮਾਨ

Saturday, Sep 21, 2019 - 04:23 PM (IST)

'ਆਪ' ਜ਼ਿਮਨੀ ਚੋਣਾਂ 'ਚ ਸਾਰੀਆਂ ਸੀਟਾਂ 'ਤੇ ਕਰੇਗੀ ਸ਼ਾਨਦਾਰ ਜਿੱਤ ਦਰਜ : ਭਗਵੰਤ ਮਾਨ

ਭਵਾਨੀਗੜ੍ਹ (ਕਾਂਸਲ, ਵਿਕਾਸ) : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਜਲਾਲਾਬਾਦ, ਫਗਵਾੜਾ, ਦਾਖਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਹਰ ਸੀਟ 'ਤੇ ਆਪਣੇ ਉਮੀਦਾਵਾਰ ਖੜ੍ਹੇ ਕੀਤੇ ਜਾਣਗੇ ਅਤੇ ਇਨ੍ਹਾਂ ਜ਼ਿਮਨੀ ਚੋਣਾਂ ਵਿਚ 'ਆਪ' ਸ਼ਾਨਦਾਰ ਜਿੱਤ ਦਰਜ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਸੰਗਰੂਰ ਤੋਂ ਸੰਸਦ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸੀ.ਸੀ.ਟੀ.ਵੀ ਕੈਮਰਿਆਂ ਦੇ ਸਿਸਟਮ ਦਾ ਸਥਾਨਕ ਪੁਲਸ ਸਟੇਸ਼ਨ ਵਿਖੇ ਉਦਘਾਟਨ ਕਰਨ ਮੌਕੇ ਕੀਤਾ।

ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਲਈ ਪੂਰੇ ਪੰਜਾਬ ਵਿਚ ਸੂਬਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਅਤੇ ਵਾਅਦਾ ਖਿਲਾਫੀ ਨੂੰ ਲੈ ਕੇ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਲੋਕ ਇਸ ਵਾਰ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੂੰ ਸਬਕ ਜ਼ਰੂਰ ਸਿਖਾਉਣਗੇ।

ਇਸ ਦੌਰਾਨ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਦਰਸ਼ਨਾਂ ਲਈ ਜਾਣ ਵਾਲੀ ਸਿੱਖ ਸੰਗਤ ਤੋਂ 20 ਡਾਲਰ ਪ੍ਰਤੀ ਵਿਅਕਤੀ ਫੀਸ ਵਸੂਲੇ ਜਾਣ 'ਤੇ ਉਨ੍ਹਾਂ ਕਿਹਾ ਕਿ ਫੀਸ ਦੀ ਵਸੂਲੀ ਕਰਨਾ ਠੀਕ ਨਹੀਂ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸਾਡੀਆਂ ਸਿੱਖ ਸੰਗਤਾਂ ਦੇ ਨਾਲ-ਨਾਲ ਹੋਰ ਵੱਖ-ਵੱਖ ਵਰਗਾ ਦੇ ਲੋਕਾਂ ਵਿਚ ਅਥਾਹ ਸ਼ਰਧਾਂ ਹੋਣ ਕਾਰਨ ਆਪਣੇ ਗੁਰੂ ਨੂੰ ਮਿਲਣ ਲਈ ਉਨ੍ਹਾਂ ਲਈ 20 ਡਾਲਰ ਦੀ ਫੀਸ ਕੋਈ ਜ਼ਿਆਦਾ ਨਹੀਂ ਹੈ, ਜਿਸ ਨਾਲ ਸਿੱਖ ਸੰਗਤਾਂ ਨੂੰ ਕੋਈ ਫਰਕ ਨਹੀਂ ਪਵੇਗਾ। ਇਸ ਮੌਕੇ ਡੀ.ਐਸ.ਪੀ. ਮਨਜੀਤ ਸਿੰਘ, ਇੰਸਪੈਕਟਰ ਗੁਰਿੰਦਰ ਸਿੰਘ ਬੱਲ ਥਾਣਾ ਮੁਖੀ ਭਵਾਨੀਗੜ੍ਹ, ਗੁਰਦੀਪ ਸਿੰਘ ਫੱਗੂਵਾਲਾ ਬਲਾਕ ਪ੍ਰਧਾਨ ਸਮੇਤ 'ਆਪ' ਦੇ ਕਈ ਹੋਰ ਆਗੂ ਵੀ ਮੌਜੂਦ ਸਨ।


author

cherry

Content Editor

Related News