ਮੀਟਰਾਂ ਦੇ ਕੁਨੈਕਸ਼ਨ ਕੱਟਣ ''ਤੇ ਕਿਸਾਨ ਯੂਨੀਅਨ ਨੇ ਪਾਵਰਕਾਮ ਦੇ 3 ਮੁਲਾਜ਼ਮ ਡੱਕੇ

09/14/2019 3:42:08 PM

ਭਵਾਨੀਗੜ੍ਹ(ਵਿਕਾਸ, ਸੰਜੀਵ, ਕਾਂਸਲ) : ਭਵਾਨੀਗੜ੍ਹ ਵਿਚ ਬਿਜਲੀ ਵਿਭਾਗ ਦੇ 3 ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ ਪਾਵਰਕਾਮ ਸੁਨਾਮ ਦੀ ਟੀਮ, ਜਿਸ ਵਿਚ ਐਕਸੀਅਨ, ਐਸ.ਡੀ.ਓ., ਜੇਈ ਤੇ ਵਿਭਾਗ ਦੇ ਹੋਰ ਮੁਲਾਜ਼ਮ ਸ਼ਾਮਲ ਸਨ, ਸ਼ੁੱਕਰਵਾਰ ਸ਼ਾਮ ਨੂੰ ਪਿੰਡ ਵਿਚ ਲੋਕਾਂ ਦੇ ਘਰਾਂ ਦੇ ਮੀਟਰ ਚੈੱਕ ਕਰਨ ਆਏ ਸੀ। ਪਿੰਡ ਦੇ ਲੋਕਾਂ ਮੁਤਾਬਕ ਜਦੋਂ ਚੈਕਿੰਗ ਟੀਮ ਪਿੰਡ ਵਿਚ ਮੀਟਰ ਚੈੱਕ ਕਰ ਰਹੀ ਸੀ ਤਾਂ ਬਿਜਲੀ ਮੁਲਾਜ਼ਮਾਂ ਨੇ ਕਿਸਾਨ ਜੀਤ ਸਿੰਘ ਤੇ ਦੇਵ ਸਿੰਘ ਦੇ ਘਰਾਂ ਦੇ ਮੀਟਰ ਉਤਾਰ ਕੇ ਉਨ੍ਹਾਂ ਦੇ ਘਰਾਂ ਦੀ ਬਿਜਲੀ ਬੰਦ ਕਰ ਦਿੱਤੀ, ਜਿਸ ਦੀ ਜਾਣਕਾਰੀ ਲੋਕਾਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਦਿੱਤੀ। ਲੋਕਾਂ ਨੇ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵਿਭਾਗ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਚੈਕਿੰਗ ਟੀਮ ਦਾ ਘਿਰਾਓ ਕਰ ਲਿਆ। ਲੋਕਾਂ ਨੇ ਪਾਵਰਕਾਮ ਦੇ 3 ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਬਿਠਾ ਲਿਆ, ਜਦੋਂਕਿ ਉਨ੍ਹਾਂ ਦੇ ਬਾਕੀ ਸਾਥੀ ਲੋਕਾਂ ਦੇ ਵਿਰੋਧ ਤੋਂ ਬਚਦੇ ਹੋਏ ਖੇਤਾਂ ਵੱਲ ਭੱਜ ਗਏ।

PunjabKesari

ਇਸ ਮੌਕੇ ਭੜਕੇ ਲੋਕਾਂ ਦਾ ਕਹਿਣਾ ਸੀ ਕਿ ਵਿਭਾਗ ਦੇ ਮੁਲਾਜ਼ਮ ਘਰਾਂ ਦੇ ਮੀਟਰ ਉਤਾਰ ਕੇ ਉਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਬਿਜਲੀ ਮੀਟਰਾਂ ਵਿਚ ਨਾ ਕੋਈ ਗੜਬੜੀ ਹੈ ਤੇ ਨਾ ਹੀ ਵਿਭਾਗ ਦਾ ਕੋਈ ਬਿਲ ਬਕਾਇਆ ਹੈ। ਲੋਕਾਂ ਨੇ ਕਿਹਾ ਕਿ ਜਦੋਂ ਤੱਕ ਘਰਾਂ ਦੇ ਉਤਾਰੇ ਮੀਟਰ ਦੁਬਾਰਾ ਨਹੀਂ ਲਗਾਏ ਜਾਂਦੇ ਮੁਲਾਜ਼ਮਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਕਿਸਾਨਾਂ ਦੇ ਘੇਰੇ 'ਚ ਬੈਠੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਕਿਹਾ ਕਿ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਉਹ ਬਿਜਲੀ ਮੀਟਰਾਂ ਦੀ ਚੈਕਿੰਗ ਕਰਨ ਲਈ ਆਏ ਸਨ ਪਰ ਲੋਕਾਂ ਨੇ ਉਨ੍ਹਾਂ ਨੂੰ ਘੇਰ ਰੱਖਿਆ ਹੈ ਤੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ।

ਓਧਰ, ਮੌਕੇ 'ਤੇ ਪਹੁੰਚੇ ਇੰਸਪੈਕਟਰ ਗੁਰਿੰਦਰ ਸਿੰਘ ਐਸ.ਐਚ.ਓ. ਭਵਾਨੀਗੜ੍ਹ ਨੇ ਕਿਹਾ ਕਿ ਪਾਵਰਕਾਮ ਦੇ ਐਕਸੀਅਨ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੇ ਕੁੱਝ ਮੁਲਾਜ਼ਮਾਂ ਨੂੰ ਨਾਗਰਾ ਪਿੰਡ ਵਿਚ ਘੇਰ ਲਿਆ ਗਿਆ ਹੈ, ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਹਨ। ਬਾਅਦ ਵਿਚ ਦੇਰ ਰਾਤ ਕਿਸਾਨਾਂ ਦੇ ਘਰਾਂ ਦੇ ਉਤਾਰੇ ਮੀਟਰਾਂ ਨੂੰ ਦੁਬਾਰਾ ਲਗਾਏ ਜਾਣ ਉਪਰੰਤ ਬਿਜਲੀ ਮੁਲਾਜ਼ਮਾਂ ਨੂੰ ਜਾਣ ਦਿੱਤਾ ਗਿਆ।


cherry

Content Editor

Related News