ਬੱਸ, ਕਾਰ ਤੇ ਤੇਲ ਟੈਂਕਰ ਵਿਚਾਲੇ ਭਿਆਨਕ ਟੱਕਰ, ਦਰਜਨ ਵਿਦਿਆਰਥੀ ਜ਼ਖਮੀ
Friday, May 03, 2019 - 05:25 PM (IST)

ਭਵਾਨੀਗੜ੍ਹ(ਕਾਂਸਲ) : ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ 'ਤੇ ਅੱਜ ਇਕ ਕਾਰ, ਤੇਲ ਵਾਲੇ ਟੈਂਕਰ ਅਤੇ ਸਕੂਲ ਬੱਸ ਵਿਚਾਲੇ ਟੱਕਰ ਹੋ ਜਾਣ ਕਾਰਨ ਦਰਜ਼ਨ ਦੇ ਕਰੀਬ ਵਿਦਿਆਰਥੀਆਂ ਸਮੇਤ ਤਿੰਨਾਂ ਵਾਹਨਾਂ ਦੇ ਚਾਲਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਹੈਰੀਟੇਜ਼ ਪਬਲਿਕ ਸਕੂਲ ਦੀ ਇਕ ਬੱਸ ਜਦੋਂ ਸਕੂਲੋਂ ਛੁੱਟੀ ਤੋਂ ਬਾਅਦ ਪਿੰਡ ਝਨੇੜੀ, ਘਰਾਚੋਂ, ਨਾਗਰਾ ਆਦਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਛੱਡਣ ਲਈ ਸੁਨਾਮ ਰੋਡ 'ਤੇ ਜਾ ਰਹੀ ਸੀ ਤਾਂ ਬੱਸ ਪਿਛੇ ਆਉਂਦੀ ਇਕ ਕਾਰ ਨੇ ਜਿਵੇਂ ਹੀ ਬੱਸ ਨੂੰ ਓਵਰਟੇਕ ਕੀਤਾ ਤਾਂ ਕਾਰ ਦੀ ਸਾਹਮਣੇ ਤੋਂ ਆਉਂਦੇ ਇਕ ਤੇਲ ਵਾਲੇ ਟੈਂਕਰ ਨਾਲ ਟੱਕਰ ਹੋ ਗਈ ਅਤੇ ਕਾਰ ਨਾਲ ਟਕਰਉਣ ਤੋਂ ਟੈਂਕਰ ਬੇਕਾਬੂ ਹੋ ਕੇ ਬੱਚਿਆਂ ਨਾਲ ਭਰੀ ਸਕੂਲ ਬੱਸ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਇਆ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਕਰ ਤੋਂ ਬਾਅਦ ਬੱਸ ਦਾ ਪਿਛਾ ਹਿੱਸਾ ਬੱਸ ਨਾਲੋਂ ਵੱਖ ਹੋ ਗਿਆ ਅਤੇ ਦੋਵੇਂ ਹੀ ਵਾਹਨ ਖਤਾਨਾਂ ਵਿਚ ਉਤਰ ਗਏ। ਇਸ ਹਾਦਸੇ ਵਿਚ ਦਰਜ਼ਨ ਦੇ ਕਰੀਬ ਬੱਚਿਆਂ ,ਕਾਰ ਚਾਲਕ ਤੀਰਥ ਨੰਦ ਵਾਸੀ ਜੀਰਕਪੁਰ, ਬੱਸ ਚਾਲਕ ਗੁਰਜੀਤ ਸਿੰਘ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਸਾਰੇ ਬੱਚਿਆਂ ਦੀ ਸਥਿਤੀ ਖਤਰੇ ਤੋਂ ਬਾਹਰ ਦੱਸੀ ਹੈ।