ਨਾਇਬ ਤਹਿਸੀਲਦਾਰ ਖਿਲਾਫ ਬਸਪਾ ਵਲੋਂ ਅਰਥੀ ਫੂਕ ਰੋਸ ਮੁਜ਼ਾਹਰਾਤਹਿਸੀਲ ਕੰਪਲੈਕਸ ਦਾ ਘਿਰਾਉ ਕਰ ਕੇ ਕੀਤੀ ਨਾਅਰੇਬਾਜ਼ੀ

Thursday, Apr 04, 2019 - 04:09 AM (IST)

ਨਾਇਬ ਤਹਿਸੀਲਦਾਰ ਖਿਲਾਫ ਬਸਪਾ ਵਲੋਂ ਅਰਥੀ ਫੂਕ ਰੋਸ ਮੁਜ਼ਾਹਰਾਤਹਿਸੀਲ ਕੰਪਲੈਕਸ ਦਾ ਘਿਰਾਉ ਕਰ ਕੇ ਕੀਤੀ ਨਾਅਰੇਬਾਜ਼ੀ
ਬਠਿੰਡਾ (ਜ.ਬ.)-ਸਰਦੂਲਗਡ਼੍ਹ ਦੇ ਤਹਿਸੀਲ ਦਫਤਰ ’ਚ ਫੈਲੇ ਭ੍ਰਿਸ਼ਟਾਚਾਰ ਕਾਰਨ ਇਲਾਕੇ ਦੇ ਲੋਕਾਂ ’ਚ ਪੈਦਾ ਹੋਏ ਰੋਹ ਨੂੰ ਵੇਖਦਿਆਂ ਬਸਪਾ ਦੇ ਕਾਰਕੁੰਨਾਂ ਵਲੋਂ ਨਾਇਬ ਤਹਿਸੀਲਦਾਰ ਸਰਦੂਲਗਡ਼੍ਹ ਖਿਲਾਫ ਤਹਿਸੀਲ ਦੇ ਗੇਟ ਅੱਗੇ ਰੋਸ ਧਰਨਾ ਦੇ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਤੇ ਨਾਇਬ ਤਹਿਸੀਲਦਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਰੋਸ ਧਰਨੇ ਦੀ ਅਗਵਾਈ ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗਡ਼੍ਹ ਨੇ ਕਿਹਾ ਕਿ ਉਕਤ ਨਾਇਬ ਤਹਿਸੀਲਦਾਰ ਵਲੋਂ ਸੱਤਾਧਾਰੀ ਸਰਕਾਰ ਦੇ ਆਗੂਆਂ ਦੀ ਸ਼ਹਿ ’ਤੇ ਮਕਾਨ ਪਲਾਟਾਂ ਤੇ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਸਮੇਂ ਮੋਟੀਆਂ ਰਿਸ਼ਵਤਾਂ ਵਸੂਲ ਕਰਨ ਤੋਂ ਇਲਾਵਾ ਦਲਿਤ ਸਮਾਜ ਦੇ ਲੋਕਾਂ ਦੀਆਂ ਰਜਿਸਟਰੀਆਂ ਕਰਨ ਸਮੇਂ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰ ਨੇ ਕੋਰਟ ਕੰਪਲੈਕਸ ’ਚ ਆਪਣੇ ਦਲਾਲ ਬਿਠਾ ਰੱਖੇ ਹਨ ਜਿਨ੍ਹਾਂ ਰਾਹੀਂ ਕੋਡ ਵਰਡ ’ਤੇ ਰਜਿਸਟਰੀਆਂ ਕਰਨ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਹੂਕਾਰ ਅਤੇ ਵਪਾਰੀਆਂ ਦੀਆਂ ਰਜਿਸਟਰੀਆਂ ਪਹਿਲ ਦੇ ਆਧਾਰ ’ਤੇ ਕੀਤੀਆਂ ਜਾ ਰਹੀਆਂ ਹਨ ਜਦਕਿ ਦਲਿਤ ਭਾਈਚਾਰੇ ਨਾਲ ਸਬੰਧਤ ਗਰੀਬ ਲੋਕਾਂ ਨੂੰ ਲੰਬਾ ਸਮਾਂ ਬਾਹਰ ਬੈਠਕੇ ਇੰਤਜ਼ਾਰ ਕਰਨਾ ਪੈਂਦਾ ਹੈ, ਜਿਸ ਨੂੰ ਬਹੁਜਨ ਸਮਾਜ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਇਸ ਮੌਕੇ ਕੁਲਦੀਪ ਸਿੰਘ ਨੇ ਦੋਸ਼ ਲਾਇਆ ਕਿ ਉਕਤ ਨਾਇਬ ਤਹਿਸੀਲਦਾਰ ਵਲੋਂ ਅੰਗਹੀਣ ਦਾ ਜਾਅਲੀ ਸਰਟੀਫਿਕੇਟ ਪ੍ਰਾਪਤ ਕਰ ਕੇ ਸਰਕਾਰੀ ਨੌਕਰੀ ਹਾਸਲ ਕਰ ਲਈ ਹੈ ਜਿਸ ਦੀ ਜਾਂਚ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਕੁਲਦੀਪ ਸਿੰਘ ਨੇ ਕਿਹਾ ਕਿ ਉਕਤ ਨਾਇਬ ਤਹਿਸੀਲਦਾਰ ਦੀ ਸ਼ਿਕਾਇਤ ਚੋਣ ਕਮਿਸ਼ਨਰ ਕੋਲ ਕੀਤੀ ਜਾ ਚੁੱਕੀ ਹੈ। ਇਸ ਸਮੇਂ ਨਗਿੰਦਰ ਸਿੰਘ ਕੁਸਲਾ, ਬਾਬੂ ਸਿੰਘ ਫਤਿਹਪੁਰ ਲੋਕ ਸਭਾ ਇੰਚਾਰਜ, ਭਰਪੂਰ ਸਿੰਘ ਜ਼ਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ ਗੁਰਦੀਪ ਸਿੰਘ ਮਾਖਾ ਜ਼ਿਲਾ ਇੰਚਾਰਜ, ਹਲਕਾ ਪ੍ਰਧਾਨ ਅੰਗਰੇਜ਼ ਸਿੰਘ ਜਟਾਣਾ, ਜਸਵੀਰ ਸਿੰਘ ਜੱਸੀ ਜ਼ਿਲਾ ਜਨਰਲ ਸਕੱਤਰ, ਸੌਦਾਗਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਵਰਕਰ ਮੌਜੂਦ ਸਨ। ਇਸ ਸਬੰਧੀ ਨਾਇਬ ਤਹਿਸੀਲਦਾਰ ਨੇ ਉਕਤ ਲਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਉਹ ਗਲਤ ਦੋਸ਼ ਲਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।

Related News