ਭਾਰਤੀ ਕਿਸਾਨ ਯੂਨੀਅਨ ਨੇ ਤਹਿਸੀਲਦਾਰ ਦਫਤਰ ਘੇਰਿਆ
Thursday, Apr 04, 2019 - 04:08 AM (IST)
ਬਠਿੰਡਾ (ਮੁਨੀਸ਼)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੋਗੇਵਾਲਾ ਦੇ ਕਿਸਾਨ ਆਗੂ ਜਗਦੇਵ ਸਿੰਘ ਦੀ ਵਿਰਾਸਤੀ ਜ਼ਮੀਨ ਦੇ ਰਿਕਾਰਡ ’ਚ ਹੋਈ ਉਥਲ-ਪੁਥਲ ਦੇ ਮਾਮਲੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸਥਾਨਕ ਤਹਿਸੀਲਦਾਰ ਅੱਗੇ ਧਰਨਾ ਦੇ ਕੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਹਿਸੀਲ ਕੰਪਲੈਕਸ ਅੰਦਰ ਰਿਸ਼ਵਤਖੋਰੀ ਦੇ ਦੋਸ਼ ਲਾਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲਾ ਸਲਾਹਕਾਰ ਤੇ ਪੀਡ਼ਤ ਕਿਸਾਨ ਜਗਦੇਵ ਸਿੰਘ ਜੋਗੇਵਾਲਾ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਨ 2012 ’ਚ ਉਸ ਦੇ ਦਾਦੇ ਦੀ ਮੌਤ ਤੋਂ ਬਾਅਦ ਉਸ ਦੀ ਜ਼ਮੀਨ ਵਿਰਾਸਤੀ ਤੌਰ ’ਤੇ ਉਸ ਦੇ ਪਿਤਾ ਅਤੇ 3 ਚਾਚੇ ਤਾਇਆਂ ਦੇ ਨਾਂ 4 ਥਾਵਾਂ ’ਤੇ ਸਰਕਾਰੀ ਰਿਕਾਰਡ ’ਚ ਚਡ਼੍ਹ ਗਈ ਸੀ। ਸੰਨ 2013 ਤੋਂ 2015 ਤੱਕ ਉਸਦੇ ਪਿਤਾ ਅਤੇ ਹੋਰ ਹਿੱਸੇਦਾਰਾਂ ਨੇ ਆਪਣੇ ਨਾਂ ਹੋਈ ਇਸ ਜ਼ਮੀਨ ਉਪਰ ਬੈਂਕਾਂ ’ਚੋਂ ਲਿਮਟਾਂ ਵੀ ਬਣਵਾ ਲਈਆਂ ਪਰ ਸੰਨ 2015 ਤੋਂ ਬਾਅਦ ਮਾਲ ਮਹਿਕਮਾ ਤਲਵੰਡੀ ਸਾਬੋ ਨੇ ਇਸ ’ਚ ਕਥਿਤ ਤੌਰ ’ਤੇ ਉਥਲ-ਪੁਥਲ ਕਰਦਿਆਂ ਵਿਰਾਸਤੀ ਜ਼ਮੀਨ ਉਨ੍ਹਾਂ ਦੇ ਪਿਤਾ ਸਮੇਤ ਚਾਰੇ ਹਿੱਸੇਦਾਰਾਂ ਨਾਲੋਂ ਤੋਡ਼ ਕੇ ਉਨ੍ਹਾਂ ਦੇ ਸਵਰਗੀ ਦਾਦਾ ਦੇ ਨਾਂ ਕਰ ਕੇ ਅਤੇ ਦੁਬਾਰਾ 5 ਹਿੱਸੇਦਾਰਾਂ ਦੇ ਨਾਂ ਵਿਰਾਸਤ ਦਾ ਇਤਕਾਲ ਕਰ ਦਿੱਤਾ। ਇਸ ਸਬੰਧੀ ਹੁਣ ਪਤਾ ਲੱਗਣ ’ਤੇ ਜਦ ਉਨ੍ਹਾਂ ਇਸ ਬਾਰੇ ਤਹਿਸੀਲਦਾਰ ਤਲਵੰਡੀ ਸਾਬੋ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਉਸ ਸਮੇਂ ਦਾ ਤਹਿਸੀਲਦਾਰ ਉਨ੍ਹਾਂ ਦਾ ਰਿਕਾਰਡ ਨਾਲ ਲੈ ਗਿਆ ਤੇ ਉਸ ਕੋਲ ਉਨ੍ਹਾਂ ਦਾ ਕੋਈ ਉਕਤ ਮਾਮਲੇ ਨਾਲ ਸਬੰਧਤ ਰਿਕਾਰਡ ਨਹੀਂ ਹੈ, ਜੋ ਉਹ ਦੇਖ ਸਕਣ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਦਾ ਪਿਛਲਾ ਰਿਕਾਰਡ ਕਿੱਥੇ ਗਿਆ, ਇਸ ਬਾਰੇ ਮਾਲ ਅਧਿਕਾਰੀ ਟਾਲ ਮਟੋਲ ਕਰਦਾ ਆ ਰਿਹਾ ਹੈ, ਜਿਸ ਤੋਂ ਅੱਕ ਕੇ ਮਜਬੂਰਨ ਉਨ੍ਹਾਂ ਨੂੰ ਤਹਿਸੀਲਦਾਰ ਦਫਤਰ ਦਾ ਘਿਰਾਓ ਕਰਨਾ ਪਿਆ। ਉਨ੍ਹਾਂ ਇਸ ਮੌਕੇ ਤਹਿਸੀਲ ਕੰਪਲੈਕਸ ਅੰਦਰ ਵੱਡੇ ਪੱਧਰ ’ਤੇ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ, ਤਦ ਤੱਕ ਉਹ ਤਹਿਸੀਲਦਾਰ ਨੂੰ ਦਫਤਰ ਤੋਂ ਬਾਹਰ ਨਹੀਂ ਜਾਣ ਦੇਣਗੇ। ਸਥਿਤੀ ਉਸ ਸਮੇਂ ਤਣਾਅ ਵਾਲੀ ਬਣ ਗਈ ਜਦ ਤਹਿਸੀਲਦਾਰ ਨੇ ਧਰਨਾਕਾਰੀਆਂ ਤੋਂ ਅੱਖ ਬਚਾ ਕੇ ਦਫਤਰ ’ਚੋਂ ਜਾਣ ਦੀ ਕੋਸ਼ਿਸ਼ ਕੀਤੀ। ਪਤਾ ਲੱਗਦਿਆਂ ਹੀ ਧਰਨਾਕਾਰੀਆਂ ਨੇ ਤਹਿਸੀਲਦਾਰ ਨੂੰ ਘੇਰ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਥਿਤੀ ਨੂੰ ਦੇਖਦਿਆਂ ਮਾਲ ਅਧਿਕਾਰੀ ਨੂੰ ਵਾਪਸ ਦਫਤਰ ਜਾਣਾ ਪਿਆ ਅਤੇ ਪੁਲਸ ਫੋਰਸ ਬੁਲਾਉਣੀ ਪਈ। ਇਸ ਮੌਕੇ ਧਰਨਾਕਾਰੀਆਂ ਨੇ ਸਥਾਨਕ ਮਾਲ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਅਖੀਰ ਤਹਿਸੀਲਦਾਰ ਵਿਨੇ ਕੁਮਾਰ ਬਾਂਸਲ ਵਲੋਂ ਉਕਤ ਮਸਲਾ ਦੋ ਹਫਤੇ ’ਚ ਹੱਲ ਕਰਨ ਦੇ ਦਿਵਾਏ ਭਰੋਸੇ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਦੂਜੇ ਪਾਸੇ ਜਦ ਪੱਤਰਕਾਰਾਂ ਨੇ ਉਕਤ ਮਾਮਲੇ ਅਤੇ ਕਿਸਾਨ ਆਗੂਆਂ ਵਲੋਂ ਲਾਏ ਦੋਸ਼ਾਂ ਬਾਰੇ ਪੱਖ ਜਾਣਨ ਲਈ ਤਹਿਸੀਲਦਾਰ ਵਿਨੇ ਕੁਮਾਰ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਪੱਖ ਦੇਣ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਹ ਮੀਡੀਆ ਨਾਲ ਕੋਈ ਗੱਲ ਨਹੀਂ ਕਰਨਗੇ।
