3 ਕਿਲੋ ਅਫੀਮ ਤੇ 20 ਕਿਲੋ ਚੂਰਾ-ਪੋਸਤ ਸਮੇਤ 2 ਕਾਬੂ
Thursday, Apr 04, 2019 - 04:08 AM (IST)
ਬਠਿੰਡਾ (ਗੋਰਾ ਲਾਲ)-ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ ਆਈ. ਪੀ. ਐੱਸ. ਵਲੋਂ ਮਾਡ਼ੇ ਅਨਸਰਾਂ ਅਤੇ ਨਸ਼ਾਖੋਰੀ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਭਾਟੀ ਇੰਚਾਰਜ ਸੀ. ਆਈ. ਏ. ਬਠਿੰਡਾ ਦੀ ਦੇਖਰੇਖ ਹੇਠ ਸੀ. ਆਈ. ਏ. ਸਟਾਫ ਬਠਿੰਡਾ ਨੇ ਅੱਜ ਦੋ ਵੱਡੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵੱਡੀ ਗਿਣਤੀ ’ਚ ਅਫੀਮ ਤੇ ਚੂਰਾ-ਪੋਸਤ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ-1 ਦੀ ਪੁਲਸ ਪਾਰਟੀ ਜਦੋਂ ਏ. ਐੱਸ. ਆਈ. ਜਸਕਰਨ ਸਿੰਘ ਦੀ ਅਗਵਾਈ ’ਚ ਗਸ਼ਤ ਦੌਰਾਨ ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਹਰਰਾਏਪੁਰ ਕੋਲ ਪਿੰਡ ਭੋਖਡ਼ਾ ਨੂੰ ਜਾਂਦੇ ਕੱਚੇ ਰਸਤੇ ’ਤੇ ਜਦੋਂ ਸ਼ੱਕ ਦੇ ਆਧਾਰ ’ਤੇ ਇਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਤਾਂ ਪੁਲਸ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 3 ਕਿਲੋ ਅਫੀਮ ਬਰਾਮਦ ਹੋਈ। ਅਫੀਮ ਦੀ ਕੀਮਤ ਤਕਰੀਬਨ 5 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ (ਕਾਕੂ) ਪੁੱਤਰ ਹਰਬੰਸ ਸਿੰਘ ਵਾਸੀ ਹਰਰਾਏਪੁਰ ਵਜੋਂ ਹੋਈ ਹੈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਐੱਸ. ਆਈ. ਕ੍ਰਿਪਾਲ ਸਿੰਘ ਵੀ ਥਾਣਾ ਨੇਹੀਆਂ ਵਾਲਾ ਦੇ ਇਲਾਕੇ ’ਚ ਪੁਲਸ ਪਾਰਟੀ ਨਾਲ ਜਦੋਂ ਗਸ਼ਤ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਵੀ ਪਿੰਡ ਜੀਦਾ ਕੋਲੋਂ 20 ਕਿਲੋ ਚੂਰਾ-ਪੋਸਤ ਸਮੇਤ ਇਕ ਸਮੱਗਲਰ ਕੁਲਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਜੀਦਾ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ‘ਜਗ ਬਾਣੀ’ ਵੱਲੋਂ ਇਲਾਕੇ ’ਚ ਨਸ਼ੇ ਦੇ ਹੋ ਰਹੇ ਗੋਰਖਧੰਦੇ ਵਿਰੁੱਧ ਵੱਡੀ ਖਬਰ ਪ੍ਰਕਾਸ਼ਿਤ ਕਰ ਕੇ ਖੁਲਾਸਾ ਕੀਤਾ ਸੀ, ਜਿਸ ’ਤੇ ਜ਼ਿਲਾ ਪੁਲਸ ਨੇ ਆਪਣੀ ਗੁਪਤ ਕਾਰਵਾਈ ਕਰਦਿਆਂ ਅੱਜ ਇਲਾਕੇ ’ਚੋਂ ਦੋ ਵੱਡੇ ਨਸ਼ਾ ਸਮੱਗਲਰਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ।
