ਇੰਟਰਸਿਟੀ ਟਰੇਨ ਦੇ ਬੁਢਲਾਡਾ ਠਹਿਰਾਅ ਨਾਲ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ
Wednesday, Feb 20, 2019 - 04:05 AM (IST)
![ਇੰਟਰਸਿਟੀ ਟਰੇਨ ਦੇ ਬੁਢਲਾਡਾ ਠਹਿਰਾਅ ਨਾਲ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ](https://static.jagbani.com/multimedia/04_05_30269398319mns29.jpg)
ਬਠਿੰਡਾ (ਮਨਜੀਤ, ਬਾਂਸਲ)-ਰੇਲਵੇ ਵਿਭਾਗ ਨੇ ਬੁਢਲਾਡਾ ਸਟੇਸ਼ਨ ’ਤੇ ਸ਼੍ਰੀਗੰਗਾਨਗਰ-ਦਿੱਲੀ ਇੰਟਰਸਿਟੀ ਐਕਸਪ੍ਰੈੱਸ ਟਰੇਨ ਦੇ ਠਹਿਰਾਅ ਸਬੰਧੀ ਲੋਕਾਂ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਇਸ ਗੱਡੀ ਨੇ ਅੱਜ ਤੋਂ ਇਥੇ ਸਵੇਰੇ-ਸ਼ਾਮ ਦੋਵੇਂ ਟਾਈਮ ਰੁਕਣਾ ਸ਼ੁਰੂ ਕਰ ਦਿੱਤਾ ਹੈ। ਇਹ ਗੱਡੀ ਰੋਜ਼ਾਨਾ ਸਵੇਰੇ ਦਿੱਲੀ ਜਾਂਦੇ ਸਮੇਂ 9 ਵਜ ਕੇ 8 ਮਿੰਟ ’ਤੇ ਅਤੇ ਸ਼ਾਮ ਨੂੰ ਬਠਿੰਡਾ-ਸ਼੍ਰੀਗੰਗਾਨਗਰ ਜਾਂਦੇ ਮੌਕੇ 5 ਵਜ ਕੇ 5 ਮਿੰਟ ’ਤੇ ਬੁਢਲਾਡਾ ਪੁੱਜੇਗੀ। ਇਸ ਸਬੰਧੀ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਕਿਹਾ ਕਿ ਇਸ ਗੱਡੀ ਦੇ ਬੁਢਲਾਡਾ ਠਹਿਰਾਅ ਨਾਲ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਟਰੇਨ ਨਾਲ ਵਪਾਰੀ ਵਰਗ ਨੂੰ ਵੱਡਾ ਲਾਭ ਪੁੱਜੇਗਾ ਅਤੇ ਦੂਰ-ਦੁਰਾਡੇ ਦਾ ਸਫਰ ਕੁਝ ਘੰਟਿਆਂ ’ਚ ਤੈਅ ਹੋਣ ਲੱਗੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਰੇਲਵੇ ਵਿਭਾਗ ਕੋਲ ਕੁਝ ਸਟੇਸ਼ਨਾਂ ’ਤੇ ਰੇਲ ਗੱਡੀਆਂ ਰੋਕਣ ਦੀ ਰੱਖੀ ਮੰਗ ਤਹਿਤ ਵਿਭਾਗ ਨੇ ਪਿਛਲੇ ਦਿਨੀਂ ਬਕਾਇਦਾ ਪੱਤਰ ਜਾਰੀ ਕਰ ਕੇ ਦਿੱਲੀ-ਸ਼੍ਰੀਗੰਗਾਨਗਰ ਇੰਟਰਸਿਟੀ ਐਕਸਪ੍ਰੈੱਸ ਗੱਡੀ ਨੰਬਰ 12481/12482 ਦਾ ਠਹਿਰਾਅ ਬੁਢਲਾਡਾ ਰੇਲਵੇ ਸਟੇਸ਼ਨ ਅਤੇ ਦਿੱਲੀ-ਸਰਾਏ ਰੋਇਲਾ-ਬੀਕਾਨੇਰ ਐਕਸਪ੍ਰੈੱਸ ਸੁਪਰਫਾਸਟ ਐਕਸਪ੍ਰੈੱਸ ਟਰੇਨ ਨੰਬਰ 12455/12456 ਦਾ ਠਹਿਰਾਅ ਰਾਮਪੁਰਾਫੂਲ ਰੇਲਵੇ ਸਟੇਸ਼ਨ ’ਤੇ ਕਰਨ ਦਾ ਐਲਾਨ ਕੀਤਾ ਸੀ। ਇਸ ਮੌਕੇ ਸੀਨੀਅਰੀ ਅਕਾਲੀ ਆਗੂਆਂ ’ਚ ਬਿੱਟੂ ਚੌਧਰੀ, ਰਘੁਵੀਰ ਸਿੰਘ ਚਹਿਲ, ਐਡਵੋਕੇਟ ਗੁਰਚਰਨ ਅਨੇਜਾ, ਜਥੇਦਾਰ ਮਹਿੰਦਰ ਸਿੰਘ, ਅਮਰਜੀਤ ਸਿੰਘ ਕੁਲਾਣਾ, ਗੁਰਦੀਪ ਸਿੰਘ ਟੋਡਰਪੁਰ, ਤਨਜੋਤ ਸਿੰਘ ਸਾਹਨੀ, ਰਜਿੰਦਰ ਸਿੰਘ ਸੈਣੀ, ਸੁਭਾਸ਼ ਵਰਮਾ, ਗੁਰਚਰਨ ਅਨੇਜਾ, ਲਵਲੀ, ਨੱਥਾ ਸਿੰਘ ਸੰਧੂ, ਰਾਕੇਸ਼ ਜੈਨ, ਮੁਖਇੰਦਰ ਸਿੰਘ ਪਿੰਕਾ, ਰਮਨਦੀਪ ਸਿੰਘ ਦਾਤੇਵਾਸ, ਦਰਸ਼ਨ ਸਿੰਘ ਮੰਡੇਰ, ਹੰਸ ਰਾਜ ਅਹਿਮਦਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਅਕਾਲੀ-ਭਾਜਪਾ ਵਰਕਰ ਮੌਜੂਦ ਸਨ।