ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

Wednesday, Feb 20, 2019 - 04:05 AM (IST)

ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਬਠਿੰਡਾ (ਮਨਜੀਤ ਕੌਰ)-ਕਿਸਾਨੀ ਮੰਗਾਂ ਮਨਵਾਉਣ ਲਈ ਪੰਜਾਬ ਕਿਸਾਨ ਯੂਨੀਅਨ ਵਲੋਂ ਜ਼ਿਲਾ ਕਚਹਿਰੀ ਵਿਖੇ ਲਾਇਆ ਧਰਨਾ ਜਿੱਥੇ 29ਵੇਂ ਦਿਨ ਵਿਚ ਦਾਖਲ ਹੋ ਗਿਆ ਉਥੇ ਹੀ ਅੱਜ ਸਰਕਾਰ ਦੀ ਬੇਰੁਖੀ ਨੂੰ ਦੇਖਦਿਆਂ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ, ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਮਾਨਸ਼ਾਹੀਆ ਅਤੇ ਪ੍ਰੈੱਸ ਸਕੱਤਰ ਪਰਮਜੀਤ ਸਿੰਘ ਭਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਵਿਚ ਕਿਸਾਨਾਂ ਮਜ਼ਦੂਰਾਂ ਲਈ ਕੁੱਝ ਨਹੀਂ ਹੈ ਹਾਲਾਂਕਿ ਚੋਣਾਂ ਤੋਂ ਪਹਿਲਾਂ ਖੁਦ ਮੁੱਖ ਮੰਤਰੀ ਵੱਲੋਂ ਕਸਮਾਂ ਖਾ ਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵਾਅਦੇ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ਾ ਮੁਆਫ ਕਰਨ ਅਤੇ ਖੇਤੀ ਨੂੰ ਲਾਹਵੰਦ ਧੰਦਾ ਬਣਾਉਣ ਲਈ ਇਸ ਬਜਟ ਵਿਚ ਕੋਈ ਵੀ ਠੋਸ ਕਦਮ ਨਹੀਂ ਉਠਾਇਆ ਗਿਆ ਹੈ, ਜਿਸ ਕਰ ਕੇ ਕਿਸਾਨਾਂ ਵਿਚ ਨਿਰਾਸ਼ਾ ਦਾ ਆਲਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਤਾਂ ਤਕਰੀਬਨ 15 ਰੁਪਏ ਹੋਇਆ ਹੈ ਪਰ ਪੈਟਰੋਲ ਵਿਚ 5 ਰੁਪਏ ਅਤੇ ਡੀਜ਼ਲ ਵਿਚ 1 ਰੁਪਏ ਦੀ ਕਟੌਤੀ ਕਰ ਕੇ ਕਿਸਾਨਾਂ ਦਾ ਕੀ ਸੁਆਰਿਆ ਹੈ ਜਦੋਂ ਕਿ ਇਸ ਨੂੰ ਕਾਂਗਰਸ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਡੀਜ਼ਲ ਪੈਟਰੋਲ ਦੇ ਰੇਟ ਅੱਧੇ ਕਰਨ ਦੀ ਮੰਗ ਕਰਦੀ ਹੈ ਅਤੇ ਬਿਜਲੀ ਯੂਨਿਟ ਰੇਟ ਦੂਸਰੇ ਸੂਬਿਆਂ ਦੀ ਤਰਜ਼ ’ਤੇ 2.50 ਰੁਪਏ ਹੋਣਾ ਚਾਹੀਦਾ ਹੈ। ਖੇਤ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਤੋਂ ਪੀਡ਼ਤ ਪਰਿਵਾਰਾਂ ਨੂੰ ਮਾਮੂਲੀ ਰਾਹਤ ਦੇ ਕੇ ਬੁੱਤਾ ਸਾਰਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਉੱਜਡ਼ ਰਹੇ ਖੇਤੀ ਧੰਦੇ ਨੂੁੰ ਫਾਇਦੇਮੰਦ ਧੰਦੇ ਵਿਚ ਬਦਲਣ ਲਈ ਠੋਸ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਮਜ਼ਦੂਰ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਨਾ ਹੋਣ। ਉਨ੍ਹਾਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਘਰ-ਘਰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਵੀ ਮੋਦੀ ਸਰਕਾਰ ਵਾਂਗ ਸਿਰਫ ਜੁਮਲਾ ਬਣ ਕੇ ਰਹਿ ਗਿਆ ਹੈ ਜਦੋਂਕਿ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਸਰਕਾਰੀ ਨੌਕਰੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੇ ਬਾਵਜੂਦ ਬੇਰੋਜ਼ਗਾਰ ਸਡ਼ਕਾਂ ’ਤੇ ਘੁੰਮ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਭੱਜਣ ਲਈ ਮਜਬੂਰ ਹੋ ਰਹੀ ਹੈ। ਸਰਕਾਰ ਨੂੰ ਸਰਕਾਰੀ ਅਦਾਰਿਆਂ ਨੂੰ ਮਜਬੂਤ ਕਰਨ ਵੱਲ ਕਦਮ ਉਠਾਉਣੇ ਚਾਹੀਦੇ ਹਨ। ®ਇਸ ਮੌਕੇ ਹਾਕਮ ਸਿੰਘ ਝੁਨੀਰ, ਕਾ. ਕਿਰਪਾਲ ਸਿੰਘ ਬੀਰ, ਕਰਨੈਲ ਸਿੰਘ ਮਾਨਸਾ, ਗੁਰਚਰਨ ਸਿੰਘ ਕੋਟਧਰਮੂ, ਨਛੱਤਰ ਸਿੰਘ ਖੀਵਾ, ਭਜਨ ਸਿੰਘ ਭੈਣੀ ਬਾਘਾ, ਬਹਾਦਰ ਸਿੰਘ ਤਾਮਕੋਟ, ਦਰਸ਼ਨ ਸਿੰਘ ਖਿਆਲਾ, ਕੁਲਵੰਤ ਸਿੰਘ ਮਾਨਸ਼ਾਹੀਆ, ਬਾਬਾ ਬੋਹਡ਼ ਸਿੰਘ, ਵਿੰਦਰ ਅਲਖ ਅਤੇ ਆਤਮਾ ਸਿੰਘ ਆਦਿ ਹਾਜ਼ਰ ਸਨ।

Related News