ਸੰਸਦ ਭਵਨ ਦਾ ਘਿਰਾਓ ਕਰਨ ਲਈ ਦਿੱਲੀ ਕੂਚ ਕਰ ਰਹੇ ਕਿਸਾਨ ਪੁਲਸ ਨੇ ਘੇਰੇ

Thursday, Feb 22, 2018 - 05:37 PM (IST)

ਭਵਾਨੀਗੜ੍ਹ (ਵਿਕਾਸ) — ਦਿੱਲੀ 'ਚ ਸੰਸਦ ਭਵਨ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ 'ਚ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਨੂੰ ਪੁਲਸ ਨੇ ਭਵਾਨੀਗੜ੍ਹ ਦੀ ਅਨਾਜ ਮੰਡੀ ਵਿਖੇ ਘੇਰਾਬੰਦੀ ਕਰਕੇ ਰੋਕ ਲਿਆ। ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ 23 ਫਰਵਰੀ ਨੂੰ ਸੰਸਦ ਭਵਨ ਦਾ ਘਿਰਾਓ ਕੀਤਾ ਜਾਣਾ ਸੀ, ਜਿਸ ਕਾਰਨ ਕਿਸਾਨ ਟਰੈਕਟਰ ਟਰਾਲੀਆਂ ਰਾਹੀ ਡੇਢ ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਦਿੱਲੀ ਕੂਚ ਕਰ ਰਹੇ ਸਨ। 
ਕਿਸਾਨਾਂ ਨੇ ਪੁਲਸ ਦੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਕੇਂਦਰ ਤੇ ਸੂਬੇ ਦੀ ਕੈਪਟਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ ਨੇ ਕਿਹਾ ਕਿ ਆਪਣੀਆਂ ਜਾਇਜ ਮੰਗਾਂ ਨੂੰ ਗੂੰਗੀ ਤੇ ਬਹਿਰੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਲਈ ਦੇਸ਼ ਦੀਆਂ 66 ਕਿਸਾਨ ਜਥੇਬੰਦੀਆਂ ਵਲੋਂ ਸੰਸਦ ਦੇ ਘਿਰਾਓ ਦੇ ਕੀਤੇ ਫੈਸਲੇ ਤਹਿਤ ਯੂਨੀਅਨ ਦੇ ਵਰਕਰ ਵੱਡੀ ਗਿਣਤੀ 'ਚ 45 ਦਿਨਾਂ ਦੇ ਰਾਸ਼ਨ ਸਮੇਤ ਦਿੱਲੀ ਟਰੈਕਟਰ ਟਰਾਲੀਆਂ ਰਾਹੀਂ ਰਵਾਨਾ ਹੋਏ ਸਨ ਕਿ ਪੁਲਸ ਨੇ ਕਿਸਾਨਾਂ ਦੇ ਸੰਘਰਸ਼ ਨੂੰ ਅਸਫਲ ਬਣਾਉਣ ਲਈ ਉਨ੍ਹਾਂ ਦੇ ਕਾਫਲੇ ਨੂੰ ਭਵਾਨੀਗੜ੍ਹ ਅਨਾਜ ਮੰਡੀ 'ਚ ਰੋਕ ਦਿੱਤਾ । ਇਸ ਮੌਕੇ ਕਿਸਾਨ ਆਗੂਆਂ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਪ੍ਰਸ਼ਾਸਨ ਸਰਕਾਰਾਂ ਦੀ ਸ਼ਹਿ 'ਤੇ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਦੱਬਣਾ ਚਾਹੁੰਦਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ । ਉਧਰ ਦੁਪਹਿਰ ਤੱਕ ਡੀ. ਐੱਸ. ਪੀ. ਸੰਦੀਪ ਵਡੇਰਾ ਅਤੇ ਰੋਕੇ ਗਏ ਕਿਸਾਨ ਆਗੂਆਂ ਵਿਚਕਾਰ ਗੱਲਬਾਤ ਜਾਰੀ ਸੀ । ਕਿਸਾਨਾਂ ਦੇ ਦਿੱਲੀ ਜਾਣ ਲਈ ਬਜਿੱਦ ਰਹਿਣ ਕਰਕੇ ਅਨਾਜ ਮੰਡੀ 'ਚ ਭਾਰੀ ਪੁਲਸ ਬਲ ਤਾਇਨਾਤ ਸੀ । ਇਸ ਤੋਂ ਇਲਾਵਾ ਵੀ ਪੁਲਸ ਨੇ ਕਿਸਾਨਾਂ ਦੇ ਸੰਘਰਸ਼ ਦੇ ਮੱਦੇਨਜ਼ਰ ਸੁਨਾਮ-ਭਵਾਨੀਗੜ੍ਹ ਰੋਡ 'ਤੇ ਸਵੇਰ ਤੋਂ ਸ਼ਾਮ ਤੱਕ ਵਿਸ਼ੇਸ਼ ਨਾਕਾਬੰਦੀ ਕਰ ਕੇ ਰੱਖੀ ।
ਛਾਪੇਮਾਰੀ ਦੌਰਾਨ ਕਈ ਕਿਸਾਨ ਆਗੂ ਹਿਰਾਸਤ 'ਚ ਲਏ
ਕਿਸਾਨਾਂ ਵੱਲੋਂ ਸੰਸਦ ਦੇ ਘਿਰਾਓ ਦੇ ਕੀਤੇ ਐਲਾਨ ਤੋਂ ਬਾਅਦ ਹਰਕਤ 'ਚ ਆਏ ਪੁਲਸ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਦੀ ਫੜੋ-ਫੜੀ ਕਰਨ ਲਈ ਇਲਾਕੇ ਦੇ ਕਈ ਪਿੰਡਾਂ 'ਚ ਬੀਤੀ ਦੇਰ ਰਾਤ ਤੱਕ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ । ਜਿਸ ਤਹਿਤ ਪੁਲਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ 3 ਆਗੂਆਂ ਨੂੰ ਹਿਰਾਸਤ 'ਚ ਲੈ ਲਿਆ । ਇਸ ਸੰਬੰਧੀ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ ਨੇ ਦੱਸਿਆ ਕਿ ਕਿਸਾਨਾਂ ਦੇ ਸੰਘਰਸ਼ ਨੂੰ ਖੇਰੂ-ਖੇਰੂ ਕਰਨ ਲਈ ਪੁਲਸ ਨੇ ਬੀਤੀ ਰਾਤ ਯੂਨੀਅਨ ਦੇ ਕਰੀਬ ਦੋ ਦਰਜਨ ਕਿਸਾਨ ਆਗੂਆਂ ਦੇ ਘਰ ਛਾਪੇ ਮਾਰੇ ਪਰ ਜ਼ਿਆਦਾਤਰ ਆਗੂ ਪਹਿਲਾਂ ਹੀ ਰੂਪੋਸ਼ ਹੋਣ ਕਾਰਨ ਪੁਲਸ ਦੇ ਹੱਥ ਨਹੀ ਲੱਗ ਸਕੇ ਹਾਲਾਂਕਿ ਪੁਲਸ ਨੇ ਯੂਨੀਅਨ ਦੇ ਜ਼ਿਲਾ ਮੀਤ ਪ੍ਰਧਾਨ ਜਸਵੀਰ ਨੰਦਗੜ੍ਹ ਸਮੇਤ ਬਲਜੀਤ ਸਿੰਘ ਜੋਲੀਆਂ ਤੇ ਰਣਜੀਤ ਸਿੰਘ ਜੋਲੀਆਂ ਨੂੰ ਗ੍ਰਿਫਤਾਰ ਕਰਕੇ ਥਾਣੇ 'ਚ ਡੱਕ ਦਿੱਤਾ । ਯੂਨੀਅਨ ਦੇ ਆਗੂਆਂ ਨੇ ਪੁਲਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਸਰਕਾਰਾਂ ਤੋਂ ਕਿਸਾਨ ਪੱਖੀ ਨੀਤੀ ਲਾਗੂ ਕਰਨ ਦੀ ਮੰਗ ਕੀਤੀ । ਓਧਰ ਡੀ. ਐੱਸ.ਪੀ. ਸੰਦੀਪ ਵਡੇਰਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਹੀ ਪੂਰੀ ਕਾਰਵਾਈ ਕੀਤੀ ਗਈ।
 


Related News