ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਵੱਲੋਂ ਪੰਜਾਬ ''ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ

Sunday, Sep 27, 2020 - 06:09 PM (IST)

ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਸ਼ੂ ਵੱਲੋਂ ਪੰਜਾਬ ''ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ

ਲੁਧਿਆਣਾ (ਹਿਤੇਸ਼) : ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸੂਬੇ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਅਨਾਜ ਮੰਡੀ ਤੋਂ ਕਰਵਾਈ। ਇਸ ਮੌਕੇ ਆਸ਼ੂ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਵਾਪਸ ਕਰਵਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਡਾਇਰੈਕਟਰ ਖ਼ੁਰਾਕ ਸਪਲਾਈ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਸਰਕਾਰ ਨੇ ਸੂਬੇ ਦੀਆਂ ਮੰਡੀਆਂ 'ਚੋਂ 170 ਲੱਖ ਟਨ ਮੀਟਰਕ ਟਨ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਹਨ। ਕਿਸਾਨਾਂ ਵੱਲੋਂ ਛੇ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਮੰਡੀਆਂ 'ਚ ਕੋਵਿਡ ਦੀ ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੀ ਫ਼ਸਲ ਦੀ ਸੁਚੱਜੀ ਅਤੇ ਨਿਰਵਿਘਨ ਖ਼ਰੀਦ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ।

ਖ਼ੁਰਾਕ ਮੰਤਰੀ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਅਗੇਤੀ ਆਉਣ ਕਰਕੇ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਵੀ ਅਗੇਤੀ ਹੀ ਕਰਵਾਉਣ ਲਈ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਹੈ। ਕੋਵਿਡ ਕਰਕੇ ਇਸ ਵਾਰ ਰਾਜ ਅੰਦਰ ਮੰਡੀ ਬੋਰਡ ਵੱਲੋਂ 4035 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ 30-30 ਫੁੱਟ ਦੇ ਖਾਨੇ ਬਣਾਏ ਗਏ ਹਨ ਤੇ ਮਾਸਕਾਂ ਅਤੇ ਹੱਥ ਧੋਣ ਲਈ ਸਾਬਣ ਤੇ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਹੈ ਤਾਂ ਕਿ ਝੋਨੇ ਦੀ ਫ਼ਸਲ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਉਹ ਕੋਵਿਡ ਦੀ ਬਿਮਾਰੀ ਤੋਂ ਵੀ ਬਚ ਸਕਣ। ਇਸ ਤੋਂ ਇਲਾਵਾ ਫ਼ਸਲ ਦੀ ਚੁਕਾਈ ਲਈ ਮਜ਼ਦੂਰਾਂ, ਬਾਰਦਾਨੇ ਤੇ ਟਰਾਂਸਪੋਰਟ ਦੇ ਵੀ ਪ੍ਰਬੰਧ ਮੁਕੰਮਲ ਹਨ। ਆਸ਼ੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਕਰਕੇ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਆਪਣੀ ਫ਼ਸਲ ਸੁਕਾ ਕੇ ਹੀ ਮੰਡੀਆਂ 'ਚ ਲਿਆਉਣ। ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ।

ਆਸ਼ੂ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਦੀ ਤਰ੍ਹਾਂ ਹੀ ਪਾਸ ਪ੍ਰਣਾਲੀ ਰਾਹੀਂ ਕਿਸਾਨ ਆਪਣੀ ਫ਼ਸਲ ਮੰਡੀਆਂ 'ਚ ਲਿਆ ਸਕੇਗਾ ਅਤੇ ਇਹ ਵੱਖ-ਵੱਖ ਦਿਨਾਂ ਲਈ ਵੱਖ-ਵੱਖ ਰੰਗਾਂ ਦੇ ਪਾਸ ਆੜ੍ਹਤੀਆਂ ਤੋਂ ਪ੍ਰਾਪਤ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਆੜ੍ਹਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖ਼ਰੀਦੀ ਫ਼ਸਲ ਦੀ ਅਦਾਇਗੀ ਐਮ.ਐਸ.ਪੀ. (1888 ਰੁਪਏ ਪ੍ਰਤੀ ਕੁਇੰਟਲ) ਦੇ ਹਿਸਾਬ ਨਾਲ ਨਾਲੋ-ਨਾਲ ਕਿਸਾਨਾਂ ਦੇ ਖਾਤਿਆਂ 'ਚ ਤਬਦੀਲ ਕਰਦੇ ਰਹਿਣ।


author

Gurminder Singh

Content Editor

Related News