ਭਾਰਤ ਬੰਦ : ਅੰਨਦਾਤਾ ਦੇ ਹੱਕ ''ਚ ਉਮੜੀ ਸਮੁੱਚੀ ਕਾਇਨਾਤ, ਮੋਦੀ ਮੁਰਦਾਬਾਦ ਦੇ ਗੂੰਜੇ ਨਾਅਰੇ

Tuesday, Dec 08, 2020 - 04:55 PM (IST)

ਭਾਰਤ ਬੰਦ : ਅੰਨਦਾਤਾ ਦੇ ਹੱਕ ''ਚ ਉਮੜੀ ਸਮੁੱਚੀ ਕਾਇਨਾਤ, ਮੋਦੀ ਮੁਰਦਾਬਾਦ ਦੇ ਗੂੰਜੇ ਨਾਅਰੇ

ਪਟਿਆਲਾ (ਮਨਦੀਪ ਸਿੰਘ ਜੋਸਨ) : ਦੇਸ਼ ਦੇ ਅੰਨਦਾਤਾ ਕਿਸਾਨ ਦੇ ਹੱਕ 'ਚ ਅੱਜ ਜਿਵੇਂ ਸਮੁੱਚੀ ਕਾਇਨਾਤ ਹੀ ਉਮੜ ਪਈ। ਦਿੱਲੀ 'ਚ ਚੱਲ ਰਹੇ ਸੰਘਰਸ਼ ਦੇ 13ਵੇਂ ਦਿਨ ਹਰ ਵਰਗ ਦੇ ਮਿਲੇ ਪੂਰੇ ਸਹਿਯੋਗ ਕਾਰਨ ਕਈ ਦਹਾਕਿਆਂ ਬਾਅਦ ਪਟਿਆਲਾ ਜ਼ਿਲ੍ਹਾ ਮੁਕੰਮਲ ਬੰਦ ਰਿਹਾ ਤੇ ਹਰ ਤਰਫ਼ ਮੋਦੀ ਮੁਰਦਾਬਾਦ ਦੇ ਨਾਅਰੇ ਗੂੰਜਦੇ ਰਹੇ। ਪਟਿਆਲਾ ਸ਼ਹਿਰ ਦੇ ਨਾਲ-ਨਾਲ ਕਸਬੇ, ਪਿੰਡਾਂ ਤੇ ਇੱਥੋਂ ਤੱਕ ਗਲੀਆਂ-ਮੁਹੱਲਿਆਂ 'ਚ ਬਣੀਆਂ ਦੁਕਾਨਾਂ 'ਤੇ ਵੀ ਤਾਲੇ ਨਜ਼ਰ ਆਏ ਤੇ ਇਸ ਬੰਦ ਨੇ ਮੋਦੀ ਨੂੰ ਇਹ ਸੁਨੇਹਾ ਦਿੱਤਾ ਕਿ ਸਾਰੀ ਕਾਇਨਾਤ ਹੀ ਤੇਰੇ ਖ਼ਿਲਾਫ਼ ਹੋ ਗਈ ਹੈ, ਇਸ ਲਈ ਤੁਰੰਤ ਤਿੰਨੇ ਕਾਨੂੰਨਾਂ ਨੂੰ ਰੱਦ ਦੇਵੇ।

ਕਿਸਾਨਾਂ ਦੇ ਸੱਦੇ 'ਤੇ ਜ਼ੀਰਕਪੁਰ ਤੋਂ ਪਾਤੜਾਂ ਤੱਕ ਅਤੇ ਨਾਭਾ ਤੋਂ ਪਹੇਵਾ ਤੱਕ ਜ਼ਿਲ੍ਹੇ ਦੀਆਂ ਚਾਰੋ ਦਿਸ਼ਾਵਾਂ 'ਚ ਪੂਰੀ ਤਰਾਂ ਸੰਨਾਟਾ ਰਿਹਾ। ਕਿਸਾਨਾਂ, ਅਕਾਲੀਆਂ, ਕਾਂਗਰਸੀਆਂ, ਆਪ, ਵਪਾਰੀਆਂ, ਮੁਲਾਜ਼ਮਾਂ ਸਮੇਤ ਹਰ ਵਰਗ ਨੇ ਜ਼ਿਲ੍ਹੇ ਦੇ ਵੱਖ-ਵੱਖ ਚੌਂਕਾਂ 'ਚ ਧਰਨੇ ਲਗਾ ਕੇ ਮੋਦੀ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ। ਮੋਦੀ ਨੂੰ ਆਪਣੀ ਏਕਤਾ ਦਾ ਜ਼ੋਰ ਦਿਖਾਉਣ ਲਈ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਕਿਸਾਨ ਜੱਥੇਬੰਦੀਆਂ ਸਮੇਤ ਸਿਆਸੀ ਪਾਰਟੀਆਂ ਦੇ ਨੇਤਾ ਤੇ ਵਰਕਰ ਸਵੇਰ 10 ਵਜੇ ਤੋਂ ਹੀ ਸੜਕਾਂ ਤੇ ਆ ਗਏ।

ਸੰਗਰੂਰ-ਚੰਡੀਗੜ੍ਹ ਮੁੱਖ ਮਾਰਗ ਦੇ ਪਸਿਆਣਾ ਚੌਂਕ ਵਿਖੇ, ਸ਼ਹਿਰ ਦੇ ਮੇਨ ਚੌਂਕਾਂ 'ਚ ਜਿੱਥੇ ਮੋਦੀ ਮੁਰਦਾਬਾਦ ਦੇ ਨਾਅਰੇ ਗੂੰਜ ਰਹੇ ਸਨ, ਉੱਥੇ ਬਜ਼ਾਰਾਂ 'ਚ ਸੜਕਾਂ ਤੇ ਪੂਰੀ ਤਰਾਂ ਸਭ ਕੁਝ ਸੁੰਨ ਦਿਖਾਈ ਦੇ ਰਿਹਾ ਸੀ। ਲੰਮੇ ਸਮੇਂ ਬਾਅਦ ਇਹ ਹੋਇਆ ਹੈ ਕਿ ਸਭ ਨੇ ਆਪ ਮੁਹਾਰੇ ਹੋ ਕੇ ਆਪੋ-ਆਪਣੀਆਂ ਦੁਕਾਨਾਂ ਤੇ ਵਪਾਰ ਨੂੰ ਬੰਦ ਕੀਤਾ ਹੈ ਤਾਂ ਜੋ ਦੇਸ਼ ਦੇ ਕਿਸਾਨ ਨੂੰ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਦੇ ਕਹਿਰ ਤੋ ਬਚਾਇਆ ਜਾ ਸਕੇ । ਇਸ ਬੰਦ ਤੇ ਧਰਨਿਆਂ ਨੂੰ ਦੇਖ ਕਿ ਇਸ ਤਰਾਂ ਲੱਗ ਰਿਹਾ ਸੀ ਕਿ ਸਾਰੇ ਦੇਸ਼ 'ਚ ਮੋਦੀ ਖ਼ਿਲਾਫ਼ ਲਹਿਰ ਉੱਠ ਖੜ੍ਹੀ ਹੋਈ ਹੈ। ਜੇਕਰ ਇਨ੍ਹਾਂ ਬਿਲਾਂ ਨੂੰ ਰੱਦ ਨਾ ਕੀਤਾ ਤਾਂ ਦੇਸ਼ 'ਚ ਵੱਡੇ ਪੱਧਰ 'ਤੇ ਬਗ਼ਾਵਤ ਹੋ ਸਕਦੀ ਤੇ ਜੇਕਰ ਮੋਦੀ ਨੇ ਕਾਨੂੰਨ ਰੱਦ ਨਾ ਕੀਤਾ ਤਾਂ ਕਿਸਾਨ ਦਿੱਲੀ ਦਾ ਤਖ਼ਤਾ ਪਲਟ ਦੇਣਗੇ।
 


author

Babita

Content Editor

Related News