ਚਾਲਕ ਸਣੇ ਭਾਖੜਾ ਨਹਿਰ ''ਚ ਡਿੱਗੀ ਕਾਰ
Wednesday, Mar 11, 2020 - 06:49 PM (IST)
ਨੰਗਲ (ਗੁਰਭਾਗ ਸਿੰਘ) : 8 ਮਾਰਚ ਰਾਤ ਨੂੰ ਨੰਗਲ ਭਾਖੜਾ ਨਹਿਰ ਵਿਚ ਚਾਲਕ ਸਣੇ ਡਿੱਗੀ ਆਲਟੋ ਗੱਡੀ ਤਾਂ ਬੁੱਧਵਾਰ ਨੂੰ ਲੱਭ ਗਈ ਪਰ ਚਾਲਕ ਦਾ ਤਿੰਨ ਦਿਨ ਮਗਰੋਂ ਵੀ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਚਾਲਕ ਨੂੰ ਲੱਭਣ ਲਈ ਪੰਜਾਬ ਹੋਮਗਾਰਡ ਦੇ ਗੌਤਾਖੋਰ ਅਤੇ ਬੀ. ਬੀ. ਐੱਮ. ਬੀ. ਦੇ ਗੋਤਾਖੋਰਾਂ ਵੱਲੋਂ ਤੇਜ਼ ਮੀਂਹ ਵਿਚ ਵੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਹ ਜਾਣਕਾਰੀ ਏ. ਐੱਸ. ਆਈ. ਬਲਬੀਰ ਸਿੰਘ ਅਤੇ ਏ. ਐੱਸ. ਆਈ. ਕਿਸ਼ੋਰ ਸਿੰਘ ਨੇ ਦਿੱਤੀ।
ਉਨ੍ਹਾਂ ਕਿਹਾ ਕਿ 8 ਮਾਰਚ ਦਿਨ ਐਤਵਾਰ ਨੂੰ ਰਾਤ 8 ਵਜੇ ਜਦੋਂ ਸਤਵੰਤ ਸਿੰਘ (32) ਪੁੱਤਰ ਪਵਨ ਸਿੰਘ ਆਪਣੇ ਪਿੰਡ ਦੜੌਲੀ ਤੋਂ ਊਨਾ (ਹਿਮਚਾਲ ਪ੍ਰਦੇਸ਼) ਨੂੰ ਜਾ ਰਿਹਾ ਸੀ ਤਾਂ ਕੁਝ ਦੂਰੀ 'ਤੇ ਪਿੰਡ ਬ੍ਰਹਮਪੁਰ/ਅਜੌਲੀ ਵਿਚਕਾਰ ਸਤਵੰਤ ਦੀ ਆਲਟੋ ਕਾਰ ਬੇਕਾਬੂ ਹੋ ਕੇ ਨੰਗਲ ਭਾਖੜਾ ਨਹਿਰ ਵਿਚ ਡਿੱਗ ਗਈ। ਜਿਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਬਹੁਤ ਮੁਸ਼ਕਤ ਤੋਂ ਬਾਅਦ ਆਲਟੋ ਪਿੰਡ ਅਜੌਲੀ ਕੋਲ ਮਿਲ ਗਈ ਪਰ ਸਤਵੰਤ ਦਾ ਹਾਲੇ ਕੁਝ ਅਤਾ-ਪਤਾ ਨਹੀਂ ਲੱਗਿਆ।
ਉਨ੍ਹਾਂ ਕਿਹਾ ਕਿ ਸਤਵੰਤ, ਊਨਾ (ਐੱਚ. ਪੀ) ਵਿਖੇ ਇਕ ਨਿੱਜੀ ਹਸਪਤਾਲ ਵਿਚ ਨੌਕਰੀ ਕਰਦਾ ਸੀ ਤੇ ਉਹ ਆਪਣਾ ਸਾਮਾਨ ਵੀ ਊਨਾ ਸ਼ਿਫਟ ਕਰ ਰਿਹਾ ਸੀ, ਜਦੋਂ ਹਾਦਸਾ ਵਾਪਰਿਆ ਤਾਂ ਉਹ ਮੇਨ ਰੋਡ 'ਤੇ ਨਹੀਂ ਬਲਕਿ ਨਹਿਰ ਦੀ ਪਟੜੀ ਦੇ ਲਾਗੇ ਜਾ ਰਿਹਾ ਸੀ। ਸਤਵੰਤ ਦੀ ਮੌਤ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਸਤਵੰਤ ਦੀਆਂ 2 ਛੋਟੀਆਂ ਛੋਟੀਆਂ ਲੜਕੀਆਂ ਹਨ।