ਦੀਵਾਨ ਛੱਡਣ ਦੇ ਫੈਸਲੇ ਤੋਂ ਬਾਅਦ ਢੱਡਰੀਆਂਵਾਲਿਆਂ ਦਾ ਭਾਈ ਅਜਨਾਲਾ ਨੂੰ ਚੈਲੇਂਜ

02/23/2020 6:32:42 PM

ਚੰਡੀਗੜ੍ਹ (ਟੱਕਰ) : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪੰਜਾਬ ਤੇ ਵੱਖ-ਵੱਖ ਕੋਨਿਆਂ 'ਚ ਸਟੇਜਾਂ ਲਗਾ ਕੇ ਸਿੱਖ ਧਰਮ ਦਾ ਪ੍ਰਚਾਰ ਛੱਡਣ ਦਾ ਐਲਾਨ ਕਰਨ ਦੇ ਕਾਰਨਾਂ ਦਾ ਖੁਲਾਸਾ ਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਚੈਲੇਂਜ ਕੀਤਾ ਹੈ ਕਿ ਉਹ ਚੈਨਲ 'ਤੇ ਆ ਕੇ ਉਨ੍ਹਾਂ ਨਾਲ ਸੰਵਾਦ ਕਰਨ ਨੂੰ ਤਿਆਰ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਾਰੀ ਇਕ ਵੀਡਿਓ ਰਾਹੀਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਉਹ ਜਿੱਥੇ ਵੀ ਧਾਰਮਿਕ ਦੀਵਾਨ ਲਗਾਉਂਦੇ ਹਨ ਤਾਂ ਉਥੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰ ਜੱਥੇਬੰਦੀਆਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇੱਥੋਂ ਤੱਕ ਖੂਨ-ਖਰਾਬਾ ਅਤੇ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਜਾਨ ਦਾ ਡਰ ਨਹੀਂ ਹੈ ਪਰ ਧਾਰਮਿਕ ਦੀਵਾਨਾਂ ਦੌਰਾਨ ਜੇਕਰ ਕਿਤੇ ਟਕਰਾਅ ਹੋ ਗਿਆ ਜਿਸ ਨਾਲ ਕਈ ਕੀਮਤੀ ਜਾਨਾਂ ਜਾ ਸਕਦੀਆਂ ਹਨ ਜਿਸਦੇ ਬਚਾਅ ਲਈ ਉਨ੍ਹਾਂ ਫਿਲਹਾਲ ਧਾਰਮਿਕ ਦੀਵਾਨ ਨਾ ਲਗਾਉਣ ਦਾ ਫੈਸਲਾ ਕੀਤਾ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਭਾਈ ਅਜਨਾਲਾ ਵਲੋਂ ਹਮੇਸ਼ਾ ਹੀ ਉਨ੍ਹਾਂ ਖਿਲਾਫ਼ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਢੱਡਰੀਆਂ ਵਾਲਾ ਸਿੱਖ ਧਰਮ ਦੀਆਂ ਕੁੱਝ ਵਿਵਾਦਿਤ ਗੱਲਾਂ ਬਾਰੇ ਬੈਠ ਕੇ ਸੰਵਾਦ ਨਹੀਂ ਕਰਦਾ ਜਿਸ ਲਈ ਉਹ ਭਾਈ ਅਜਨਾਲਾ ਨੂੰ ਚੈਲੇਂਜ ਕਰਦੇ ਹਨ ਕਿ ਮਾਰਚ ਮਹੀਨੇ 'ਚ ਉਹ ਚੈਨਲ 'ਤੇ ਉਨ੍ਹਾਂ ਨੂੰ ਸੱਦਾ ਦੇਣਗੇ ਅਤੇ 30 ਮਿੰਟ ਦੇ ਟਾਈਮ ਦੌਰਾਨ ਉਹ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦੇਣਗੇ, ਉਥੇ ਦੂਜੇ ਪਾਸੇ ਅਜਨਾਲਾ ਨੂੰ ਵੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਤੇ ਸੰਗਤ ਫੈਸਲਾ ਕਰੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਕੀਤਾ ਸ਼ਿਕਵਾ
ਦੂਸਰੇ ਪਾਸੇ ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇ. ਗਿਆਨੀ ਹਰਪ੍ਰੀਤ ਸਿੰਘ 'ਤੇ ਸ਼ਿਕਵਾ ਜ਼ਾਹਿਰ ਕਰਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਛਬੀਲ ਵਰਗੇ ਪਵਿੱਤਰ ਲੰਗਰ ਦੀ ਆੜ੍ਹ ਹੇਠ ਉਨ੍ਹਾਂ ਦੇ ਇਕ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਪਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਲੋਂ ਇਸ ਘਿਨੌਣੀ ਹੱਤਿਆ ਬਾਰੇ ਇਕ ਵੀ ਨਿੰਦਾ ਵਾਲਾ ਸ਼ਬਦ ਮੂੰਹੋਂ ਨਹੀਂ ਨਿਕਲਿਆ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਅਕਸਰ ਅਖ਼ਬਾਰਾਂ 'ਚ ਬਿਆਨ ਦਿੰਦੇ ਹਨ ਕਿ ਢੱਡਰੀਆਂ ਵਾਲਾ ਕਮੇਟੀ ਨਾਲ ਬੈਠ ਮਸਲੇ ਦਾ ਹੱਲ ਕਰੇ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਹਰੇਕ ਵਿਵਾਦਿਤ ਮਸਲੇ ਬਾਰੇ ਚੈਨਲ 'ਤੇ ਬੈਠ ਕੇ ਸੰਵਾਦ ਕਰਨ ਨੂੰ ਤਿਆਰ ਹਨ ਤਾਂ ਜੋ ਸਾਰੀ ਗੱਲਬਾਤ ਦੁਨੀਆ ਦੇਖ ਸਕੇ।

ਇਤਿਹਾਸਕ ਸਥਾਨਾਂ ਦਾ ਸਤਿਕਾਰ ਕਰਦਾ ਹਾਂ ਪਰ ਗੁਰਬਾਣੀ ਦਾ ਗਿਆਨ ਸਭ ਤੋਂ ਉਤਮ
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਗੁਰੂ ਸਾਹਿਬ ਦੇ ਅਸਥਾਨਾਂ ਨੂੰ ਢਾਹ ਦਿਓ ਅਤੇ ਸਰੋਵਰਾਂ ਨੂੰ ਬੰਦ ਕਰ ਦਿਓ। ਉਹ ਸਾਰੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕਰਦੇ ਹਨ ਪਰ ਸਾਡੇ ਗੁਰੂ ਸਾਹਿਬਾਨਾਂ ਵਲੋਂ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਗੁਰਬਾਣੀ ਦਾ ਗਿਆਨ ਸਭ ਤੋਂ ਉਤਮ ਹੈ। ਉਨ੍ਹਾਂ ਕਿਹਾ ਕਿ ਪੁਜਾਰੀ ਵਰਗ ਦੇ ਚੁੰਗਲ 'ਚੋਂ ਲੋਕਾਂ ਨੂੰ ਕੱਢਣ ਲਈ ਗੁਰੂ ਸਾਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਪਰ ਅੱਜ ਵੀ ਪੁਜਾਰੀ ਵਰਗ ਸਾਡੀ ਸਿੱਖ ਕੌਮ ਨੂੰ ਕਰਾਮਾਤੀ ਢਾਂਚੇ ਨਾਲ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੱਕ ਹੀ ਸੀਮਿਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੁਜਾਰੀ ਵਰਗ ਤੇ ਅੱਜ ਦੇ ਬਾਬਿਆਂ ਨੇ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਕੀਤਾ ਅਤੇ ਜੇਕਰ ਕਿਸੇ ਵੀ ਵਿਅਕਤੀ ਨੇ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਪੰਥ 'ਚੋਂ ਛੇਕ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਸਿੱਖ ਸੰਗਤ ਦਸਮ ਗ੍ਰੰਥ ਦੀ ਬਜਾਏ ਸਾਡੇ ਗੁਰੂ ਸਾਹਿਬਾਨਾਂ ਤੇ ਭਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਵਿਚਾਰਧਾਰਾ ਨੂੰ ਪੜ੍ਹ ਕੇ ਜਾਗਰੂਕ ਹੋਵੇ।  


Gurminder Singh

Content Editor

Related News