ਕੋਰੋਨਾ ਦੇ ਇਲਾਜ ਲਈ ਪ੍ਰਮੇਸ਼ਵਰ ਦੁਆਰ ਵਿਖੇ ਹਸਪਤਾਲ ਦੀ ਬਿਲਡਿੰਗ ਤਿਆਰ : ਭਾਈ ਰਣਜੀਤ ਸਿੰਘ

03/23/2020 5:26:05 PM

ਚੰਡੀਗੜ੍ਹ (ਟੱਕਰ) - ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਤੋਂ ਸਾਰਾ ਸੰਸਾਰ ਪੀੜ੍ਹਤ ਹੈ। ਸਾਨੂੰ ਸਾਰਿਆਂ ਨੂੰ ਇਸ ਬੀਮਾਰੀ ਤੋਂ ਡਰਨ ਦੀ ਥਾਂ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ 2 ਏਕੜ ’ਚ ਹਸਪਤਾਲ ਦੀ ਬਿਲਡਿੰਗ ਬਿਲਕੁਲ ਤਿਆਰ ਕਰ ਦਿੱਤੀ ਗਈ ਹੈ। ਸਰਕਾਰ ਅਤੇ ਸਿਹਤ ਵਿਭਾਗ ਲੋੜ ਪੈਣ ’ਤੇ ਇਸ ਬਿਲਡਿੰਗ ’ਚ ਕੋਰੋਨਾ ਵਾਇਰਸ ਸਬੰਧੀ ਅਤੇ ਹੋਰ ਬਿਮਾਰੀਆਂ ਸਬੰਧੀ ਇਲਾਜ ਸ਼ੁਰੂ ਕਰ ਸਕਦੀ ਹੈ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਹਸਪਤਾਲ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਵੱਖਰਾ ਹੈ, ਜਿੱਥੇ 100 ਬਿਸਤਰਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਜੋ ਵੀ ਕੰਮ ਹੋਣ ਵਾਲਾ ਸੀ, ਉਹ ਮੁਕੰਮਲ ਕਰਵਾ ਦਿੱਤਾ ਗਿਆ ਹੈ।

ਰਣਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ। ਇਸ ਮੁਸ਼ਕਲ ਦੀ ਘੜੀ ’ਚੋਂ ਗਰੀਬ ਅਤੇ ਮਜ਼ਦੂਰ ਵਰਗ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਉਨ੍ਹਾਂ ਨੇ ਰੋਜ਼ਾਨਾ ਕਮਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਹੁੰਦਾ ਹੈ। ਰਣਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਅਤੇ ਸ਼ਹਿਰਾਂ ’ਚ ਜਿੱਥੇ ਵੀ ਕੋਈ ਗਰੀਬ ਪਰਿਵਾਰ ਹੈ, ਉਨ੍ਹਾਂ ਨੂੰ ਇਸ ਔਖੀ ਘੜੀ ’ਚ ਰਾਸ਼ਨ ਜਾਂ ਕੋਈ ਹੋਰ ਲੋੜੀਂਦਾ ਸਾਮਾਨ ਚਾਹੀਦਾ ਹੈ, ਮੁਹੱਇਆ ਕਰਵਾਏ ਜਾਏ। ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਉਨ੍ਹਾਂ ਡਾਕਟਰਾਂ, ਪੁਲਸ ਵਿਭਾਗ ਤੇ ਹੋਰ ਪ੍ਰਸਾਸ਼ਨਿਕ ਅਫ਼ਸਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਸਾਡੀ ਜਾਨ ਦੀ ਰੱਖਿਆ ਲਈ ਯਤਨਸ਼ੀਲ ਹਨ। ਇਸ ਤੋਂ ਇਲਾਵਾ ਸਾਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਬਾਹਰ ਘੁੰਮਣ ਦੀ ਥਾਂ ਸਾਨੂੰ ਆਪਣੇ ਘਰਾਂ ’ਚ ਹੀ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। 


rajwinder kaur

Content Editor

Related News