ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦਾ 9ਵਾਂ ਐਡੀਸ਼ਨ ਲਾਂਚ

11/29/2019 6:42:19 PM

ਚੰਡੀਗੜ੍ਹ : ਪੰਜਾਬ ਦੇ ਉੱਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮਹਾਨ ਕੋਸ਼ ਦਾ ਨੌਵਾਂ ਐਡੀਸ਼ਨ ਰਲੀਜ ਕੀਤਾ ਹੈ। ਇਸ ਮਹਾਨ ਕੋਸ਼ ਦੀ ਰਚਨਾ ਸੰਸਾਰ ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਪਿਛਲੀ ਸਦੀ ਵਿਚ ਕੀਤੀ ਸੀ। ਬਾਜਵਾ ਨੇ ਅੱਜ ਇਥੇ ਇਸ ਤੋਂ ਇਲਾਵਾ ਭਾਸ਼ਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਵਿਭਾਗ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 'ਤੇ ਪ੍ਰਕਾਸ਼ਿਤ ਕੀਤੀਆਂ ਤਿੰਨ ਪੁਸਤਕਾਂ- 'ਸੁਲਤਾਨਪੁਰ ਲੋਧੀ', 'ਬਟਾਲਾ' ਅਤੇ 'ਡੇਰਾ ਬਾਬਾ ਨਾਨਕ' ਵੀ ਰਿਲੀਜ ਕੀਤੀ। ਉਨ੍ਹਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਵਧੀਆ ਕਾਰਜ ਜਾਰੀ ਰੱਖਣ ਲਈ ਹੱਲਾਸ਼ੇਰੀ ਦਿੱਤੀ।

ਪੰਜਾਬ ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਰਚਿਤ ਮਹਾਨ ਕੋਸ਼ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਵਿਚ ਸ਼ਾਮਿਲ ਹੈ ਅਤੇ ਬਾਕੀ ਪ੍ਰਕਾਸ਼ਨਾਵਾਂ ਦੇ ਮੁਕਾਬਲੇ ਹਮੇਸ਼ਾ ਹੀ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਰਚਿਤ ਮਹਾਨ ਕੋਸ਼ ਦੀ ਮੰਗ ਵਧੇਰੇ ਰਹੀ ਹੈ। ਇਸ ਦੇ ਮੱਦੇਨਜ਼ਰ ਭਾਸ਼ਾ ਵਿਭਾਗ ਪੰਜਾਬ ਵਲੋਂ ਮਹਾਨਕੋਸ਼ ਦਾ 9ਵਾਂ ਅਡੀਸ਼ਨ ਪ੍ਰਕਾਸ਼ਿਤ ਕੀਤਾ ਗਿਆ ਹੈ।

ਉਨ੍ਹਾਂ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਵੱਡਾ ਕਾਰਨ ਇਹ ਹੈ ਕਿ ਵਿਭਾਗ ਵਲੋਂ ਇਸ ਮਹਤਵਪੂਰਨ ਕੋਸ਼ ਵਿਚ ਕਿਸੇ ਪ੍ਰਕਾਰ ਦੀ ਛੇੜਛਾੜ ਨਹੀਂ ਕੀਤੀ ਗਈ। ਇਹ ਭਾਈ ਨਾਭਾ ਦੀ ਲਗਭਗ 15 ਵਰ੍ਹਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਸੀ। 1930 ਵਿਚ ਪਹਿਲੀ ਵਾਰ ਮਹਾਰਾਜਾ ਭੁਪਿੰਦਰ ਸਿੰਘ ਨੇ ਰਿਆਸਤ ਪਟਿਆਲਾ ਵਲੋਂ 51000 ਰੁਪਏ ਖਰਚ ਕੇ ਇਸ ਦਾ ਪਹਿਲਾ ਐਡੀਸ਼ਨ ਪ੍ਰਕਾਸ਼ਿਤ ਕਰਵਾਇਆ ਸੀ। ਡਾਇਰੈਕਟਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਤ ਮਹਾਨ ਕੋਸ਼ ਦੀ ਮੰਗ ਵਧੇਰੇ ਹੋਣ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਦੀ ਕੀਮਤ ਸਿਰਫ 500 ਰੁਪਏ ਹੈ ਅਤੇ ਬਜ਼ਾਰ ਵਿਚ ਨਿੱਜੀ ਪ੍ਰਕਾਸ਼ਕਾਂ ਅਤੇ ਹੋਰਨਾਂ ਅਦਾਰਿਆਂ ਵਲੋਂ ਵਿਚ ਛਾਪੇ ਜਾਂਦੇ ਮਾਹਨਕੋਸ਼ਾਂ ਦੀ ਕੀਮਤ ਘੱਟੋ-ਘੱਟ ਇਸ ਤੋਂ ਪੰਜ ਗੁਣਾ ਵੱਧ ਹੈ।


Gurminder Singh

Content Editor

Related News