550 ਸਾਲਾ ਪ੍ਰਕਾਸ਼ ਪੁਰਬ ''ਤੇ ਇਕ ਹੀ ਸਾਂਝੀ ਸਟੇਜ ਲਗਾਉਣ ਲਈ ਉਪਰਾਲੇ ਸ਼ੁਰੂ

Saturday, Apr 20, 2019 - 05:05 PM (IST)

550 ਸਾਲਾ ਪ੍ਰਕਾਸ਼ ਪੁਰਬ ''ਤੇ ਇਕ ਹੀ ਸਾਂਝੀ ਸਟੇਜ ਲਗਾਉਣ ਲਈ ਉਪਰਾਲੇ ਸ਼ੁਰੂ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਪੂਰੀ ਮਾਨਵਤਾ ਦੇ ਸਰਬ ਸਾਂਝੇ ਕਲਿਆਣਕਾਰੀ ਗੁਰੂ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਗਰੀ ਸੁਲਤਾਨਪੁਰ ਲੋਧੀ 'ਚ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ। ਇਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਬਾਰੇ ਅੱਜ ਵੱਖ-ਵੱਖ ਸਿੱਖ ਸੰਪਰਦਾਵਾਂ ਅਤੇ ਵਿਦਵਾਨਾਂ ਕੋਲੋਂ ਸੁਝਾਅ ਲਏ ਗਏ, ਜਿਨ੍ਹਾਂ 'ਤੇ ਅਮਲ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਇਕ ਹੀ ਸਾਂਝੀ ਸਟੇਜ ਲਗਾਈ ਜਾਣੀ ਚਾਹੀਦੀ ਹੈ, ਜਿੱਥੇ ਗੁਰੂ ਦੇ ਸਿਧਾਂਤ ਦੀ ਗੱਲ ਹੋਵੇ ਅਤੇ ਗੁਰੂ ਦਾ ਵੱਧ ਤੋਂ ਵੱਧ ਜੱਸ ਹੋਵੇ। 
ਭਾਈ ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸਾਂਝੀ ਸਟੇਜ ਸਬੰਧੀ ਗੱਲਬਾਤ ਕਰਨ ਲਈ ਟਾਈਮ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਪਵਿੱਤਰ ਗੁਰਪੁਰਬ ਮੌਕੇ ਇਕ ਹੀ ਸਟੇਜ ਤੋਂ ਰਾਸ਼ਟਰਪਤੀ, ਭਾਰਤ ਸਰਕਾਰ ਦੇ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ, ਸੰਤ ਮਹਾਂਪੁਰਸ਼ ਅਤੇ ਸ਼੍ਰੋਮਣੀ ਕਮੇਟੀ ਦੇ ਆਗੂ ਬੋਲਣ ਤਾਂ ਜੋ ਪੂਰੀ ਦੁਨੀਆਂ ਵਿੱਚ ਸਾਂਝਾ ਚੰਗਾ ਸੁਨੇਹਾ ਪਹੁੰਚ ਸਕੇ । ਇਸ ਸਮੇਂ ਅਵਤਾਰ ਸਿੰਘ ਹਿੱਤ ਪ੍ਰਧਾਨ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ, ਬਾਬਾ ਬਲਬੀਰ ਸਿੰਘ ਮੁਖੀ ਬਾਬਾ ਬੁੱਢਾ ਦਲ ਸੰਪਰਦਾ, ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ, ਸੰਤ ਬਲਬੀਰ ਸਿੰਘ ਸੀਚੇਵਾਲ ਵਾਲੇ, ਸੰਤ ਕਸ਼ਮੀਰ ਸਿੰਘ ਭੂਰੀ ਵਾਲੇ, ਸੰਤ ਗੁਰਚਰਨ ਸਿੰਘ ਠੱਟੇ ਵਾਲੇ ਅਤੇ ਹੋਰਨਾਂ ਮਹਾਂਪੁਰਸ਼ਾਂ ਅਤੇ ਵਿਦਵਾਨਾਂ ਨੇ ਸੰਬੋਧਨ ਕੀਤਾ ।


author

shivani attri

Content Editor

Related News