ਪੰਜਾਬ ਚੋਣ ਨਤੀਜੇ : ਧੂਰੀ ਤੋਂ ਭਗਵੰਤ ਮਾਨ ਵੱਡੇ ਮਾਰਜਨ ਨਾਲ ਜੇਤੂ, ਸਮਰਥਕਾਂ ਵੱਲੋਂ ਪਾਏ ਜਾ ਰਹੇ ਭੰਗੜੇ
Thursday, Mar 10, 2022 - 04:35 PM (IST)
 
            
            ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨਾਲੋਂ 55,162 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ। ਭਗਵੰਤ ਮਾਨ ਨੂੰ 78850 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਕਾਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ 23688 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : ਧੂਰੀ ਸੀਟ ਤੋਂ ਜਿੱਤ 'ਆਮ ਆਦਮੀ ਪਾਰਟੀ' ਦੇ ਭਗਵੰਤ ਮਾਨ ਜੇਤੂ

ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਚੰਦ ਗਰਗ 6621 ਵੋਟਾਂ ਹਾਸਲ ਕਰਕੇ ਤੀਜੇ ਨੰਬਰ 'ਤੇ ਰਹੇ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਰਣਦੀਪ ਸਿੰਘ 5337 ਵੋਟਾਂ ਨਾਲ ਚੌਥੇ ਨੰਬਰ 'ਤੇ ਹਨ। ਭਗਵੰਤ ਮਾਨ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਦੀ ਜਿੱਤ ਦੀ ਖ਼ੁਸ਼ੀ ਵਿੱਚ ਭੰਗੜੇ ਪਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਮੁੱਖ ਆਗੂ ਡਾ. ਅਨਵਰ ਭਸੌੜ, ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਵਿਧਾਨ ਸਭਾ ਹਲਕਾ ਧੂਰੀ ਦੇ ਲੋਕਾਂ ਦੀ ਆਪਣੀ ਜਿੱਤ ਹੈ।
ਇਹ ਵੀ ਪੜ੍ਹੋ : ਲੰਬੀ ਤੇ ਜਲਾਲਾਬਾਦ ਸੀਟ ਤੋਂ ਅਕਾਲੀ ਦਲ ਨੂੰ ਝਟਕਾ, ਹਾਰ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ
ਆਗੂਆਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਨੂੰ ਬਣਾ ਕੇ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕੀਤੀ ਜਾਵੇ।
ਚੋਣ ਜਿੱਤਣ ਤੋਂ ਬਾਅਦ ਭਗਵੰਤ ਮਾਨ ਨੇ ਲਿਆ ਸਰਟੀਫਿਕੇਟ  
ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਚੋਣ ਜਿੱਤਣ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਦੀ ਹਾਜ਼ਰੀ ਵਿੱਚ ਸਬ ਡਿਵੀਜ਼ਨ ਧੂਰੀ ਤੋਂ ਚੋਣ ਅਫ਼ਸਰ ਮੈਡਮ ਇਸਮਤ ਵਿਜੇ ਸਿੰਘ ਤੋਂ ਚੋਣ ਜਿੱਤਣ ਦਾ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਬੁਲਾਰੇ ਦਲਬੀਰ ਸਿੰਘ ਢਿੱਲੋਂ ਸਲੇਮਪੁਰ ਵੀ ਹਾਜ਼ਰ ਸਨ। ਵਿਧਾਨ ਸਭਾ ਹਲਕਾ ਧੂਰੀ ਤੋਂ ਭਗਵੰਤ ਮਾਨ ਨੂੰ 82023 ਵੋਟਾਂ ਪ੍ਰਾਪਤ ਹੋਈਆਂ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            