ਭਗਵੰਤ ਮਾਨ ਸਰਕਾਰੀ ਕੋਠੀਆਂ ਖਾਲੀ ਕਰਵਾਉਣਗੇ ਤਾਂ ਕੁਲਦੀਪ ਧਾਲੀਵਾਲ ਪੰਚਾਇਤੀ ਜ਼ਮੀਨਾਂ

05/07/2022 4:28:13 PM

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਤੋਂ ਜਿਥੇ ਇਕ ਪਾਸੇ ਸਰਕਾਰੀ ਕੋਠੀਆਂ ਨੂੰ ਖਾਲੀ ਕਰਵਾਉਣਗੇ ਤਾਂ ਦੂਜੇ ਪਾਸੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੰਚਾਇਤੀ ਜ਼ਮੀਨਾਂ ਨੂੰ ਕਬਜ਼ਾਧਾਰੀਆਂ ਤੋਂ ਮੁਕਤ ਕਰਵਾਉਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਸ ਵਿਚ ਬੈਠਕ ਕਰ ਕੇ ਰਣਨੀਤੀ ਤਿਆਰ ਕੀਤੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਅੰਗਾਤਮਕ ਸ਼ੈਲੀ ਵਿਚ ਕਿਹਾ ਕਿ ਉਹ ਸਰਕਾਰੀ ਕੋਠੀਆਂ ਨੂੰ ਖਾਲੀ ਕਰਵਾਉਣਗੇ ਤਾਂ ਤੁਸੀਂ (ਧਾਲੀਵਾਲ) ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰਵਾ ਕੇ ਸਰਕਾਰ ਦਾ ਖਜ਼ਾਨਾ ਭਰਨ। ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਤੱਕ ਖਾਲੀ ਕਰਵਾਈਆਂ ਗਈਆਂ ਸਰਕਾਰੀ ਜ਼ਮੀਨਾਂ ਦਾ ਪੂਰਾ ਵੇਰਵਾ ਪੇਸ਼ ਕਰਦੇ ਹੋਏ ਕਿਹਾ ਕਿ ਕਈ ਪ੍ਰਭਾਵਸ਼ਾਲੀ ਲੋਕਾਂ ਨੇ ਪੰਚਾਇਤਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕੀਤੇ ਹੋਏ ਹਨ।

ਇਹ ਵੀ ਪੜ੍ਹੋ : ਪੂਰਾ ਦਿਨ ਪੰਜਾਬ, ਹਰਿਆਣਾ ਤੇ ਦਿੱਲੀ ਦਰਮਿਆਨ ਚੱਲੀ ਕਾਨੂੰਨੀ ਸ਼ਹਿ-ਮਾਤ ਦੀ ਖੇਡ

ਉਨ੍ਹਾਂ ਕਿਹਾ ਕਿ ਸੂਬਾ ਭਰ ਵਿਚ ਪੰਚਾਇਤੀ ਜ਼ਮੀਨਾਂ ’ਤੇ ਹੋਏ ਕਬਜ਼ਿਆਂ ਦਾ ਪੂਰਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਸ ਰਿਕਾਰਡ ਦੇ ਮੁੱਢਲੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਰਾਜ ਨੇਤਾਵਾਂ ਅਤੇ ਅਧਿਕਾਰੀਆਂ ਦੀ ਸ਼ਹਿ ’ਤੇ ਨਾਜਾਇਜ਼ ਕਬਜ਼ੇ ਵਿਚ ਲਿਆ ਗਿਆ ਸੀ। ਕਈ ਕਬਜ਼ੇ ਤਾਂ ਸਾਲਾਂ ਤੋਂ ਚੱਲੇ ਆ ਰਹੇ ਹਨ। ਸੂਬੇ ਵਿਚ ਭਾਵੇਂ ਸਰਕਾਰ ਅਕਾਲੀ ਦਲ ਦੀ ਬਣੇ ਜਾਂ ਫਿਰ ਕਾਂਗਰਸ ਦੀ ਪਰ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਦੋਵਾਂ ਪਾਰਟੀਆਂ ਦੇ ਰਾਜਨੇਤਾਵਾਂ ਦੀ ਇਸ ਵਿਚ ਮਿਲੀਭੁਗਤ ਸੀ। ਧਾਲੀਵਾਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਚਾਇਤੀ ਜ਼ਮੀਨਾਂ ’ਤੇ ਪ੍ਰਭਾਵਸ਼ਾਲੀ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਹੁਣ ਰੁਕਣ ਵਾਲੀ ਨਹੀਂ ਹੈ। ਜਦੋਂ ਤੱਕ ਸੂਬੇ ਵਿਚ ਪੰਚਾਇਤਾਂ ਦੀਆਂ ਸੰਪੂਰਨ ਜ਼ਮੀਨਾਂ ਨੂੰ ਕਬਜ਼ਿਆਂ ਤੋਂ ਮੁਕਤ ਨਹੀਂ ਕਰਵਾ ਲਿਆ ਜਾਂਦਾ ਉਦੋਂ ਤੱਕ ਉਹ ਚੁੱਪ ਹੋ ਕੇ ਬੈਠਣ ਵਾਲੇ ਨਹੀਂ ਹਨ।

ਇਹ ਵੀ ਪੜ੍ਹੋ : ਨਵੀਂ ਆਬਕਾਰੀ ਨੀਤੀ ’ਤੇ ਮੰਤਰੀ ਮੰਡਲ ਦੀ ਬੈਠਕ ’ਚ ਲੱਗੀ ਮੋਹਰ, ਹਰਿਆਣਾ ’ਚ ਸਸਤੀ ਹੋਈ ਸ਼ਰਾਬ

ਪੰਚਾਇਤੀ ਜ਼ਮੀਨਾਂ ਨੂੰ ਨੀਲਾਮ ਕਰ ਕੇ ਸਰਕਾਰੀ ਖਜ਼ਾਨਾ ਭਰਾਂਗੇ : ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਧਾਲੀਵਾਲ ਵਲੋਂ ਲਏ ਗਏ ਸਟੈਂਡ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਧਾਲੀਵਾਲ ਨੂੰ ਪੰਚਾਇਤੀ ਜ਼ਮੀਨਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਫ੍ਰੀ ਹੈਂਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਕਰੋੜਾਂ ਰੁਪਏ ਦੀਆਂ ਹਨ ਪਰ ਹੁਣ ਸਰਕਾਰ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਜ਼ਮੀਨਾਂ ਨੂੰ ਨੀਲਾਮ ਕਰੇਗੀ ਜਾਂ ਫਿਰ ਲੀਜ਼ ’ਤੇ ਦੇਵੇਗੀ। ਇਸ ਨਾਲ ਸਰਕਾਰੀ ਖਜ਼ਾਨੇ ਵਿਚ ਪੈਸਾ ਆਏਗਾ ਜੋ ਪੰਜਾਬ ਦੇ ਵਿਕਾਸ ਕੰਮਾਂ ’ਤੇ ਖਰਚ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕੁਲਦੀਪ ਧਾਲੀਵਾਲ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਸਟੈਂਡ ਦੀ ਸ਼ਲਾਘਾ ਕਰਦੇ ਹਨ।

ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਿਚ ਸ਼ਹਿਰੀ ਜ਼ਮੀਨਾਂ ਤੋਂ ਵੀ ਕਬਜ਼ੇ ਹਟਾਏ ਜਾਣਗੇ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸ਼ਹਿਰੀ ਜ਼ਮੀਨਾਂ ਤੋਂ ਵੀ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਹਿਰ ਛੋਟੇ ਹੁੰਦੇ ਸਨ ਅਤੇ ਬਾਹਰੀ ਹਿੱਸਿਆਂ ਦੀਆਂ ਜ਼ਮੀਨਾਂ ਪੰਚਾਇਤਾਂ ਕੋਲ ਆਉਂਦੀਆਂ ਸਨ। ਇਨ੍ਹਾਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਵੱਡੇ ਮਹਾਨਗਰਾਂ ਵਿਚ ਵੀ ਪੰਚਾਇਤਾਂ ਦੀਆਂ ਜਿਨ੍ਹਾਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹੋਏ ਹਨ, ਉਨ੍ਹਾਂ ਦੀਆਂ ਸੂਚੀਆਂ ਤਿਆਰ ਕਰ ਕੇ ਉਨ੍ਹਾਂ ਨੂੰ ਸੌਂਪੀ ਜਾਵੇ ਤਾਂ ਜੋ ਉਸ ’ਤੇ ਕਾਰਵਾਈ ਸ਼ੁਰੂ ਕੀਤੀ ਜਾ ਸਕੇ।

ਇਹ ਵੀ ਪੜ੍ਹੋ :  ਸਮੁੱਚੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ : ਮੁੱਖ ਮੰਤਰੀ ਮਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News