CM ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਤੋਂ 'ਪੰਜਾਬ ਖੇਡ ਮੇਲੇ' ਦਾ ਕਰਨਗੇ ਉਦਘਾਟਨ
Wednesday, Aug 17, 2022 - 06:54 PM (IST)
ਜਲੰਧਰ (ਚੋਪੜਾ)-ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਵੱਲੋਂ ‘ਪੰਜਾਬ ਖੇਡ ਮੇਲਾ 2022’ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਜਲੰਧਰ ਤੋਂ ਕਰਨਗੇ। ਇਹ ਖੇਡ ਮੇਲਾ ਦੋ ਮਹੀਨੇ ਦਾ ਹੋਵੇਗਾ, ਜਿਸ ’ਚ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਕਈ ਖੇਡ ਮੁਕਾਬਲੇ ਕਰਵਾਏ ਜਾਣਗੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਪੋਰਟਲ www.punjabkhedmela2022.in ’ਤੇ ਆਨਲਾਈਨ ਰਜਿਸਟ੍ਰੇਸ਼ਨ ਉਪਲੱਬਧ ਹੈ ਅਤੇ ਵੱਖ-ਵੱਖ ਖੇਡਾਂ ਲਈ ਆਨਲਾਈਨ ਅਤੇ ਆਫ਼ਲਾਈਨ ਰਜਿਸਟ੍ਰੇਸ਼ਨ 25 ਅਗਸਤ, 2022 ਤੱਕ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਆਫ਼ਲਾਈਨ ਰਜਿਸਟ੍ਰੇਸ਼ਨ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿੱਚ ਕਰਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ 98 ਡਾਕਖ਼ਾਨੇ ਕੀਤੇ ਗਏ ਮਰਜ਼, ਪਿਨ ਕੋਡ ਵੀ ਬਦਲੇ, ਆਧਾਰ ਕਾਰਡ 'ਤੇ ਕਰਵਾਉਣਾ ਪਵੇਗਾ ਅਪਡੇਟ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅੰਡਰ-14, ਅੰਡਰ-17 ਅਤੇ ਅੰਡਰ-21 ਤੋਂ ਇਲਾਵਾ 21 ਤੋਂ 40, 41 ਅਤੇ 50 ਤੇ 50 ਤੋਂ ਵੱਧ ਉਮਰ ਵਰਗ ਦੇ ਓਪਨ ਗਰੁੱਪ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਲਈ ਉਮਰ 1 ਜਨਵਰੀ, 2022 ਦੇ ਆਧਾਰ ’ਤੇ ਲਈ ਜਾਵੇਗੀ। ਬਲਾਕ ਪੱਧਰੀ ਟੂਰਨਾਮੈਂਟ 1 ਤੋਂ 7 ਸਤੰਬਰ ਤੱਕ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਨਾਲ ਕਰਵਾਏ ਜਾਣਗੇ ਜਦਕਿ ਜ਼ਿਲਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ।
ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ