ਪੰਜਾਬ ਦੇ ਵਪਾਰੀਆਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ, ਸ਼ੁਰੂ ਕੀਤੀ ਜਾਵੇਗੀ ਇਹ ਯੋਜਨਾ

Sunday, Jun 19, 2022 - 11:09 PM (IST)

ਪੰਜਾਬ ਦੇ ਵਪਾਰੀਆਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ,  ਸ਼ੁਰੂ ਕੀਤੀ ਜਾਵੇਗੀ ਇਹ ਯੋਜਨਾ

ਸੰਗਰੂਰ (ਸਿੰਗਲਾ, ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ): ‘‘ਪੰਜਾਬ ਸਰਕਾਰ ਕਾਰੋਬਾਰੀਆਂ ਅਤੇ ਉਦਯੋਪਤੀਆਂ ਲਈ ਈ-ਗਵਰਨਮੈਂਟ ਤਹਿਤ ਸਿੰਗਲ ਵਿੰਡੋ ਵਿਵਸਥਾ ਲਾਗੂ ਕਰੇਗੀ ਤਾਂ ਜੋ ਕਾਰੋਬਾਰ ਅਤੇ ਉਦਯੋਗ ਸਥਾਪਿਤ ਕਰਨ ’ਚ ਆ ਰਹੀਆਂ ਮੁਸ਼ਕਿਲਾਂ ਦਾ ਸੌਖੇ ਤਰੀਕੇ ਨਾਲ ਹੱਲ ਹੋ ਸਕੇ।’’ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਲੋਕ ਸਭਾ ਹਲਕੇ ਦੇ ਵਪਾਰੀਆਂ ਅਤੇ ਉਦਯੋਪਤੀਆਂ ਨੂੰ ਬਰਨਾਲਾ, ਸੰਗਰੂਰ ਅਤੇ ਸੁਨਾਮ ’ਚ ਵਿਸ਼ੇਸ਼ ਤੌਰ ’ਤੇ ਮਿਲਣ ਲਈ ਆਏ ਸਨ।

ਇਹ ਵੀ ਪੜ੍ਹੋਆਖਰੀ ਗੇੜ ਦੌਰਾਨ ਸੰਗਰੂਰ ’ਚ 5 ਪਾਰਟੀਆਂ ਨੇ ਝੋਕੀ ਤਾਕਤ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਿੰਗਲ ਵਿੰਡੋ ਸਿਸਟਮ ਲਾਗੂ ਹੋਣ ਨਾਲ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਸੌਖੇ ਤੇ ਪਾਰਦਰਸ਼ੀ ਤਰੀਕੇ ਨਾਲ ਐੱਨ.ਓ.ਸੀ. ਸਮੇਤ ਹੋਰ ਮਨਜ਼ੂਰੀਆਂ ਹਾਸਲ ਕਰ ਸਕਣਗੇ। ਇਸ ਨਾਲ ਸੂਬੇ ’ਚ ਕਾਰੋਬਾਰ ਸਥਾਪਿਤ ਕਰਨ ’ਚ ਆਸਾਨੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛੜੇ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਸੰਗਰੂਰ ’ਚ ਹਸਪਤਾਲ, ਸਕੂਲ, ਕਾਲਜ, ਕੰਪਨੀਆਂ ਦੇ ਦਫ਼ਤਰ ਅਤੇ ਉਦਯੋਗ ਸਥਾਪਿਤ ਕਰ ਕੇ ਇਸ ਨੂੰ ਪੰਜਾਬ ਦਾ ਰੋਲ ਮਾਡਲ ਜ਼ਿਲ੍ਹਾ ਬਣਾਇਆ ਜਾਵੇਗਾ। ਇੱਥੇ ਰੋਜ਼ਗਾਰ ਸਥਾਪਿਤ ਹੋਣਗੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਨਾਲ ਹਲਕੇ ’ਚੋਂ ਬੇਰੋਜ਼ਗਾਰੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ’ਚ 6 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਤੋਂ ਕਬਜੇ ਛੁਡਵਾਏ ਗਏ ਹਨ ਅਤੇ ਜਲਦੀ ਹੀ 60 ਹਜ਼ਾਰ ਏਕੜ ਪੰਚਾਇਤੀ ਅਤੇ ਸਰਕਾਰੀ ਜ਼ਮੀਨ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਕਬਜ਼ੇ ਛੁਡਾਉਣ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

PunjabKesari

‘ਆਪ’ ਭ੍ਰਿਸ਼ਟਾਚਾਰ ਖ਼ਤਮ ਕਰ ਕੇ ਉਦਯੋਗਪਤੀਆਂ ਨੂੰ ਦਿੱਤੀ ਵੱਡੀ ਰਾਹਤ : ਮਨੀਸ਼ ਸਿਸੋਦੀਆ

ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਬਹੁਤ ਹੀ ਸ਼ਲਾਘਾਯੋਗ ਹੈ, ਜੋ ਹਰ ਸਮੇਂ ਲੋਕ ਪੱਖੀ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਦੇ ਸ਼ਾਸਨ ’ਚ ਲੋਕਾਂ ਅਤੇ ਵਪਾਰੀਆਂ ਦੀ ਸਹੂਲਤ ਲਈ ਮਾਨ ਸਰਕਾਰ ਵੱਲੋਂ ਚੰਗੇ ਕੰਮ ਕੀਤੇ ਗਏ ਹਨ ਅਤੇ ਸਰਕਾਰੀ ਵਿਭਾਗਾਂ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਕੇ ਉਦਯੋਪਤੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ।ਵਿਰੋਧੀਆਂ ਪਾਰਟੀਆਂ ’ਤੇ ਤਿੱਖੇ ਹਮਲੇ ਬੋਲਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਆਗੂ ਆਪਣੀਆਂ ਤਿਜ਼ੌਰੀਆਂ ਭਰਨ ’ਤੇ ਧਿਆਨ ਦਿੰਦੇ ਸਨ ਅਤੇ ਵੱਖ’ਵੱਖ ਯੋਜਨਾਵਾਂ ’ਚ ਭ੍ਰਿਸ਼ਟਾਚਾਰ ਕਰਦੇ ਸਨ ਪਰ ਮਾਨ ਸਰਕਾਰ ਸੂਬੇ ਦੇ ਗੁਆਚੇ ਮਾਣ ਸਨਮਾਨ ਨੂੰ ਮੁੜ ਬਹਾਲ ਕਰਨ ਲਈ ਮਿਹਨਤ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News