ਪੰਜਾਬ ਲਈ ਵਰਦਾਨ ਸਾਬਤ ਹੋਈ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ

Tuesday, Sep 03, 2024 - 02:00 PM (IST)

ਪੰਜਾਬ ਲਈ ਵਰਦਾਨ ਸਾਬਤ ਹੋਈ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ

ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਜਾਨਾਂ ਬਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ। ਇਸ ਫੋਰਸ ਸਦਕਾ ਕੁਝ ਮਹੀਨਿਆਂ ਵਿਚ ਹੀ 1000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ 60 ਲੱਖ ਤੋਂ ਵੱਧ ਦਾ ਕੇਸ਼ ਇਹ ਫੋਰਸ ਉਨ੍ਹਾਂ ਦੇ ਘਰਾਂ ਵਿਚ ਪਹੁੰਚਾ ਚੁੱਕੀ ਹੈ। ਸੜਕ ਸੁਰੱਖਿਆ ਫੋਰਸ ਸਦਕਾ ਇਸ ਸਾਲ ਘੱਟ ਜਾਨਾਂ ਹਾਦਸਿਆਂ ਵਿਚ ਗਈਆਂ ਹਨ। ਪੰਜਾਬ 'ਚ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਦੇ ਨਾਲ-ਨਾਲ 5000 ਪੁਲਸ ਕਰਮਚਾਰੀਆਂ ਦੀ ਡਿਊਟੀ ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਲਗਾਈ ਗਈ। ਇਸ ਫੋਰਸ ਦੀ ਵਰਦੀ ਆਮ ਪੁਲਸ ਤੋਂ ਵੱਖਰੀ ਹੈ। ਇਸ ਤੋਂ ਇਲਾਵਾ 5500 ਕਿਲੋਮੀਟਰ ਤੋਂ ਵੱਧ ਕੌਮੀ ਸ਼ਾਹਮਾਰਗਾਂ, ਰਾਜ ਸ਼ਾਹਮਾਰਗਾਂ ਅਤੇ ਮੁੱਖ ਜ਼ਿਲ੍ਹਾ ਮਾਰਗਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਵਾਹਨ ਸੜਕੀ ਉਲੰਘਣਾਵਾਂ ਨੂੰ ਰੋਕਣ ਲਈ 150 ਦੇ ਕਰੀਬ ਅਤਿ-ਆਧੁਨਿਕ ਵਾਹਨ ਤਾਇਨਾਤ ਕੀਤੇ ਗਏ ਹਨ।

ਇਸ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ

ਪੰਜਾਬ ਸਰਕਾਰ ਦਾ ਯਤਨ ਹੈ ਕਿ ਸੜਕ ਹਾਦਸਿਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇ। ਇਸ ਨਾਲ ਜਿੱਥੇ ਹਰ ਰੋਜ਼ ਕਈ ਲੋਕਾਂ ਦੀਆਂ ਜਾਨਾਂ ਬਚ ਰਹੀਆਂ ਹਨ, ਉਥੇ ਹੀ ਸੂਬੇ ਨੂੰ ਸਾਲਾਨਾ ਹੋਣ ਵਾਲੇ 18,000 ਕਰੋੜ ਰੁਪਏ ਦੇ ਆਰਥਿਕ ਨੁਕਸਾਨ ਤੋਂ ਵੀ ਨਿਜ਼ਾਤ ਮਿਲੇਗੀ। ਸਾਲ 2004 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਪੰਜਾਬ 'ਚ ਟ੍ਰੈਫਿਕ ਪੁਲਸ ਦੀ ਗਿਣਤੀ ਸਿਰਫ 2048 ਹੀ ਰਹੀ, ਜਿਸ ਨੂੰ ਮੌਜੂਦਾ ਸਰਕਾਰ ਨਵੀਆਂ ਭਰਤੀਆਂ ਰਾਹੀਂ ਵਧਾ ਰਹੀ ਹੈ। ਫੋਰਸ ਦੀ ਤਾਇਨਾਤੀ ਤੋਂ ਬਾਅਦ ਪੰਜਾਬ ਦੇ ਪੇਂਡੂ ਖੇਤਰਾਂ 'ਚੋਂ ਲੰਘਣ ਵਾਲੇ ਹਾਈਵੇ 'ਤੇ ਹੋਣ ਵਾਲੇ 59 ਫੀਸਦੀ ਅਤੇ ਸ਼ਹਿਰੀ ਖੇਤਰਾਂ 'ਚ ਹੋਣ ਵਾਲੇ 41 ਫੀਸਦੀ ਸੜਕ ਹਾਦਸਿਆਂ ਨੂੰ ਰੋਕਿਆ ਜਾ ਰਿਹਾ ਹੈ। 

ਹਰ 30 ਕਿਲੋਮੀਟਰ 'ਤੇ ਹੋਵੇਗੀ ਵਾਹਨਾਂ ਦੀ ਤਾਇਨਾਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੜਕ ਸੁਰੱਖਿਆ ਫੋਰਸ ਤਹਿਤ ਨਵੇਂ ਸ਼ਾਮਲ ਕੀਤੇ ਗਏ ਵਾਹਨ ਇਕ ਉੱਨਤ ਮੋਬਾਈਲ ਨੈੱਟਵਰਕ ਵੀਡੀਓ ਰਿਕਾਰਡਿੰਗ ਸਿਸਟਮ (ਐੱਮ. ਐੱਨ. ਵੀ. ਆਰ. ਐੱਸ.), ਚਾਰ ਕੈਮਰੇ-2 ਬਾਹਰੀ ਅਤੇ 2 ਅੰਦਰੂਨੀ ਅਤੇ ਇਕ ਵਾਹਨ ਸਥਾਨ ਟਰੈਕਿੰਗ ਸਿਸਟਮ (ਵੀ.ਐੱਲ. ਟੀ. ਐੱਸ) ਨਾਲ ਲੈਸ ਹਨ।  ਇਨ੍ਹਾਂ ਬੋਲੇਰੋ ਵਾਹਨਾਂ ਵਿਚ ਸਥਾਪਤ ਐਡਵਾਂਸਡ ਮੋਬਾਈਲ ਸਰਵੀਲਾਂਸ ਸਿਸਟਮ ਉਦਯੋਗਿਕ-ਗਰੇਡ ਦੇ ਮਿਆਰਾਂ ਨਾਲ ਮਜ਼ਬੂਤ ਹੈ ਅਤੇ ਅਸਲ ਸਮੇਂ ਦੀ ਨਿਗਰਾਨੀ ਅਤੇ ਚਿਤਾਵਨੀਆਂ ਨਾਲ ਸਬੂਤ ਇਕੱਠੇ ਕਰਨ ਲਈ ਇਕ ਚੱਲਦੇ ਵਾਹਨ ਵਿਚ ਵੀਡੀਓ ਰਿਕਾਰਡ ਕਰ ਸਕਦਾ ਹੈ। ਉਥੇ ਹੀ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ਼.) ਦੇ ਗਠਨ ਤੋਂ ਬਾਅਦ ਸੜਕਾਂ 'ਤੇ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਵਧੇਗੀ। ਹਰ 30 ਕਿਲੋਮੀਟਰ 'ਤੇ ਇਕ ਵਾਹਨ ਖੜ੍ਹਾ ਹੋਵੇਗਾ। ਵਾਹਨ ਵਿਚ ਤਿੰਨ ਪੁਲਸ ਕਰਮਚਾਰੀ ਤਾਇਨਾਤ ਹੋਣਗੇ। ਜੇਕਰ ਕੋਈ ਸੜਕ ਹਾਦਸਾ ਹੋ ਜਾਂਦਾ ਹੈ ਤਾਂ ਉਹ ਜ਼ਖਮੀ ਵਿਅਕਤੀ ਦੀ ਮਦਦ ਕਰਨਗੇ ਅਤੇ ਸੜਕ 'ਤੇ ਨੁਕਸਾਨਿਆ ਵਾਹਨ ਤੁਰੰਤ ਪਿੱਛੇ ਹਟਾਉਣਗੇ। ਪੰਜਾਬ ਸਰਕਾਰ ਨੇ ਵਿਗਿਆਨਿਕ ਤਰੀਕੇ ਨਾਲ ਸੜਕਾਂ ਦਾ ਨਿਰੀਖਣ ਕਰਨ ਤੋਂ ਬਾਅਦ ਇਸ ਫੋਰਸ ਨੂੰ ਅਮਲੀ ਜਾਮਾ ਪਹਿਨਾਇਆ ਹੈ। 

ਕਿਸ ਤਰ੍ਹਾਂ ਕਰੀਏ ਐੱਸ. ਐੱਸ. ਫੋਰਸ ਤਕ ਪਹੁੰਚ

ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਹੁਣ ਜੇਕਰ ਸੜਕ ’ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰ. 112 ’ਤੇ ਦਿੱਤੀ ਜਾ ਸਕਦੀ ਹੈ। ਜਿਵੇਂ ਹੀ ਜਾਣਕਾਰੀ ਕੰਟਰੋਲ ਰੂਮ ’ਤੇ ਬੈਠੇ ਕਰਮਚਾਰੀਆਂ ਨੂੰ ਮਿਲੇਗੀ, ਉਹ ਤੁਹਾਡੀ ਮਦਦ ਲਈ ਹਾਈ-ਟੈੱਕ ਵਾਹਨ ਨੂੰ ਰਵਾਨਾ ਕਰ ਦੇਵੇਗਾ। ਇਸਦੀ ਕਾਰਜਸ਼ੈਲੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਨਾਲ ਨਾਲ ਆਵਾਜਾਈ ਸੁਚਾਰੂ ਬਣਾਉਣ ’ਚ ਵੱਡਾ ਰੋਲ ਅਦਾ ਕਰ ਰਹੀ ਹੈ। ਇਸ ਫੋਰਸ ਦੇ ਸਦਕਾ ਹੁਣ ਤਕ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। 

 


author

Gurminder Singh

Content Editor

Related News