ਖੁਸ਼ਹਾਲ ਤੇ ਸਿਹਤਮੰਦ ਪੰਜਾਬ ਵੱਲ ਸਰਕਾਰ ਦਾ ਵੱਡਾ ਕਦਮ, ਖੇਡ ਸਟੇਡੀਅਮ ਪ੍ਰੋਜੈਕਟ ਦੀ ਹੋਈ ਸ਼ੁਰੂਆਤ
Tuesday, Nov 25, 2025 - 02:57 PM (IST)
ਜਲੰਧਰ- ਪੰਜਾਬ ਸਰਕਾਰ ਨੇ ਸੂਬੇ ਨੂੰ ਖੁਸ਼ਹਾਲ, ਰੰਗਲਾ ਅਤੇ ਸਿਹਤਮੰਦ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਖੇਡਾਂ (ਸਪੋਰਟਸ) ਦਾ ਸਭ ਤੋਂ ਵੱਡਾ ਰੋਲ ਮੰਨਿਆ ਜਾ ਰਿਹਾ ਹੈ। ਸਰਕਾਰ ਨੇ ਇਸੇ ਦਿਸ਼ਾ ਵਿੱਚ ਕਦਮ ਚੁੱਕਦਿਆਂ, 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੰਜਾਬ ਦੇ 3100 ਪਿੰਡਾਂ ਵਿੱਚ ਖੇਡ ਸਟੇਡੀਅਮ ਅਤੇ ਗਰਾਊਂਡ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਇੱਕ ਕ੍ਰਾਂਤੀ ਆਵੇਗੀ।
ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕਾਰਜ ਜਾਰੀ ਹਨ। ਸੂਬੇ ਭਰ ਵਿੱਚ ਲਗਾਤਾਰ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਉਦਘਾਟਨ ਕੀਤੇ ਜਾ ਰਹੇ ਹਨ। ਸਮੁੱਚੇ ਪੰਜਾਬ ਦੇ ਅੰਦਰ, 1100 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 3100 ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਸੇ ਤਹਿਤ ਹਲਕਾ ਭੋਆ ਦੇ ਪੰਜ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਜਿਨ੍ਹਾਂ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਿੰਡ ਬਕਰਨੌਰ, ਪੱਖੋ ਚੱਕ, ਰਤਨਗੜ੍ਹ, ਧੋਵੜਾ ਅਤੇ ਚਸ਼ਮਾਂ ਸ਼ਾਮਲ ਹਨ। ਇਨ੍ਹਾਂ ਖੇਡ ਸਟੇਡੀਅਮਾਂ ਨੂੰ ਬਹੁਤ ਜਲਦੀ ਉਸਾਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਵੱਡੇ ਪ੍ਰੋਜੈਕਟ ਤਹਿਤ, ਹਲਕਾ ਭੋਆ ਨੂੰ 30 ਸਟੇਡੀਅਮ ਮਿਲੇ ਹਨ। ਜਦੋਂ ਕਿ ਹਰ ਇੱਕ ਸਟੇਡੀਅਮ ਦੇ ਨਿਰਮਾਣ 'ਤੇ 30 ਲੱਖ ਰੁਪਿਆ ਖਰਚ ਕੀਤਾ ਜਾਣਾ ਹੈ। ਇਨ੍ਹਾਂ ਪ੍ਰੋਜੈਕਟਾਂ ਲਈ ਲੋਕਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ।
