ਭਗਵੰਤ ਮਾਨ ਨੇ ਸਰਕਾਰ ’ਤੇ ਪਕੜ ਮਜ਼ਬੂਤ ਰੱਖਣ ਲਈ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ

Tuesday, Mar 22, 2022 - 10:24 AM (IST)

ਭਗਵੰਤ ਮਾਨ ਨੇ ਸਰਕਾਰ ’ਤੇ ਪਕੜ ਮਜ਼ਬੂਤ ਰੱਖਣ ਲਈ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ

ਜਲੰਧਰ (ਧਵਨ) : ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਮੰਤਰੀਆਂ ’ਚ ਵਿਭਾਗਾਂ ਦੀ ਵੰਡ ਕਰਦੇ ਹੋਏ ਸਰਕਾਰ ਦੇ ਸਭ ਤੋਂ ਅਹਿਮ ਗ੍ਰਹਿ ਵਿਭਾਗ ਨੂੰ ਆਪਣੇ ਕੋਲ ਰੱਖਿਆ ਹੈ, ਜਿਸ ਦੇ ਤਹਿਤ ਸਮੁੱਚੀ ਪੰਜਾਬ ਪੁਲਸ, ਵਿਜੀਲੈਂਸ ਅਤੇ ਹੋਰ ਜਾਂਚ ਏਜੰਸੀਆਂ ਆਉਂਦੀਆਂ ਹਨ। ਸਾਬਕਾ ਕਾਂਗਰਸ ਸਰਕਾਰ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਵਿਭਾਗ ਆਪਣੇ ਕੋਲ ਨਹੀਂ ਰੱਖਿਆ ਸੀ ਸਗੋਂ ਕਾਂਗਰਸ ਹਾਈਕਮਾਨ ਨੇ ਗ੍ਰਹਿ ਵਿਭਾਗ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਂਪਿਆ ਸੀ।

ਇਹ ਵੀ ਪੜ੍ਹੋ : ਪੀ. ਜੀ. ’ਚ ਰਹਿਣ ਵਾਲੇ ਮੁੰਡਿਆਂ ਨੇ ਦੁਕਾਨਦਾਰ ’ਤੇ ਪੈਟਰੋਲ ਸੁੱਟ ਲਗਾਈ ਅੱਗ

ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰ ਹੀ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ ਹੋਇਆ ਸੀ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਆਪਣੇ ਕੋਲ ਰੱਖ ਕੇ ਇਕ ਤਾਂ ਇਹ ਵੀ ਸੰਕੇਤ ਦੇ ਦਿੱਤਾ ਹੈ ਕਿ ਸਾਰੇ ਜ਼ਿਲ੍ਹਿਆਂ ’ਚ ਸੀਨੀਅਰ ਪੁਲਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਉਹ ਖੁਦ ਕਰਨਗੇ। ਉਂਝ ਤਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹੁਣ ਵਿਧਾਇਕਾਂ ਨੂੰ ਇਹ ਸੰਦੇਸ਼ ਦੇ ਦਿੱਤੀ ਸੀ ਕਿ ਕੋਈ ਵੀ ਵਿਧਾਇਕ ਮੁੱਖ ਮੰਤਰੀ ਕੋਲ ਡੀ. ਸੀ., ਐੱਸ. ਪੀ. ਅਤੇ ਤਹਿਸੀਲਦਾਰਾਂ ਦੇ ਤਬਾਦਲਿਆਂ ਨੂੰ ਲੈ ਕੇ ਚੰਡੀਗੜ੍ਹ ਨਹੀਂ ਜਾਏਗਾ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਦਾ ਮੰਨਣਾ ਹੈ ਕਿ ਮੰਤਰੀਆਂ ਨੂੰ ਸਰਕਾਰੀ ਵਿਭਾਗ ਤਾਂ ਸੌਂਪ ਦਿੱਤੇ ਗਏ ਹਨ ਪਰ ਹੁਣ ਮੰਤਰੀਆਂ ’ਤੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਖੂਫੀਆਂ ਨਜ਼ਰਾਂ ਲਗਾਤਾਰ ਬਣੀਆਂ ਰਹਿਣਗੀਆਂ। ਕੇਜਰੀਵਾਲ ਨੇ ਕੱਲ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕਰਨਗੇ। ਇਸ ਦਾ ਅਸਰ ਅੱਜ ਕਈ ਮੰਤਰੀਆਂ ’ਤੇ ਸਪੱਸ਼ਟ ਦਿਖਾਈ ਦੇ ਰਿਹਾ ਸੀ। ਭਗਵੰਤ ਮਾਨ ਨੇ ਗ੍ਰਹਿ ਵਿਭਾਗ ਅਤੇ ਪਰਸੋਨਲ ਵਿਭਾਗ ਆਪਣੇ ਕੋਲ ਰੱਖ ਕੇ ਸਰਕਾਰ ’ਚ ਆਪਣੀ ਪਕੜ ਨੂੰ ਮਜ਼ਬੂਤ ਕੀਤਾ ਹੈ। ਚੰਡੀਗੜ੍ਹ ’ਚ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਹੁਣ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਜਵਾਬਦੇਹ ਹੋਣਗੇ। ਵਿਭਾਗ ਦੀ ਵੰਡ ਰਾਹੀਂ ਭਗਵੰਤ ਮਾਨ ’ਚ ਪ੍ਰਸ਼ਾਸਨਿਕ ਅਤੇ ਪੁਲਸ ’ਤੇ ਵੀ ਆਪਣੀ ਪਕੜ ਬਣਾਏ ਰੱਖਣ ਦੇ ਸੰਕੇਤ ਦੇ ਦਿੱਤੇ ਹਨ। ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲ ਦੇਖ ਰਹੀਆਂ ਸਨ ਕਿ ਉਹ ਵਿਭਾਗਾਂ ਦੀ ਵੰਡ ਕਰਦੇ ਸਮੇਂ ਗ੍ਰਹਿ ਵਿਭਾਗ ਕਿਸੇ ਹੋਰ ਨੂੰ ਦਿੰਦੇ ਹਨ ਜਾਂ ਆਪਣੇ ਕੋਲ ਰੱਖਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਝਬੂਝ ਵਾਲਾ ਫੈਸਲਾ ਲੈਂਦੇ ਹੋਏ ਪਾਰਟੀ ਵਿਧਾਇਕਾਂ ’ਤੇ ਵੀ ਆਪਣੀ ਪਕੜ ਨੂੰ ਮਜ਼ਬੂੀ ਨਾਲ ਬਣਾਈ ਰੱਖਣ ਦੇ ਸੰਕੇਤ ਦਿੱਤੇ ਹਨ। ਇਸ ਤਰ੍ਹਾਂ ਮੁੱਖ ਮੰਤਰੀ ਨੇ ਭਾਵੇਂ ਆਪਣੇ ਕੋਲ 27 ਵਿਭਾਗ ਰੱਖੇ ਹਨ ਪਰ ਆਉਣ ਵਾਲੇ ਦਿਨਾਂ ’ਚ ਭਗਵੰਤ ਮਾਨ ਨੇ 7 ਹੋਰ ਮੰਤਰੀ ਬਣਾਉਣੇ ਹਨ। ਉਨ੍ਹਾਂ ਨੂੰ ਵੀ ਆਉਣ ਵਾਲੇ ਦਿਨਾਂ ’ਚ ਵਿਭਾਗ ਦਿੱਤੇ ਜਾਣੇ ਹਨ, ਇਸ ਲਈ ਸੰਭਵ ਹੀ ਮੁੱਖ ਮੰਤਰੀ ਆਪਣੇ ਵਿਭਾਗਾਂ ’ਚੋਂ ਕੁੱਝ ਵਿਭਾਗ ਹੋਰ ਮੰਤਰੀਆਂ ਨੂੰ ਦੇ ਸਕਦੇ ਹਨ।

ਇਹ ਵੀ ਪੜ੍ਹੋ : ਕੌਮੀ ਸ਼ਾਹ ਮਾਰਗ ਮੁੱਦਕੀ ਵਿਖੇ ਹੋਏ ਹਾਦਸੇ ’ਚ ਨੌਜਵਾਨ ਦੀ ਮੌਤ , 1 ਜ਼ਖ਼ਮੀ

ਇਕ ਹੋਰ ਅਹਿਮ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਦੇ ਨਾਲ ਹੀ ਆਬਕਾਰੀ ਅਤੇ ਟੈਕਸ ਵਿਭਾਗ ਰੱਖ ਦਿੱਤਾ ਹੈ। ਇਹ ਦੋਵੇਂ ਵਿਭਾਗ ਸਰਕਾਰ ਦੀ ਕਮਾਈ ’ਚ ਅਹਿਮ ਯੋਗਦਾਨ ਪਾਉਂਦੇ ਹਨ। ਅਜਿਹੀ ਸਥਿਤੀ ’ਚ ਮੁੱਖ ਮੰਤਰੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ। ਡਾ. ਵਿਜੇ ਸਿੰਗਲਾ ਨੂੰ ਇਸ ਲਈ ਸਿਹਤ ਵਿਭਾਗ ਦਿੱਤਾ ਗਿਆ ਹੈ ਕਿਉਂਕਿ ਉਹ ਖੁਦ ਪੇਸ਼ੇ ਤੋਂ ਡਾਕਟਰ ਹਨ। ਮੁੱਖ ਮੰਤਰੀ ਦਾ ਸਰਕਾਰੀ ਵਿਭਾਗ ਵੰਡਣ ਦਾ ਖੁਦ ਦਾ ਅਧਿਕਾਰ ਖੇਤਰ ਹੈ ਪਰ ਫਿਰ ਵੀ ਦੱਸਿਆ ਜਾਂਦਾ ਹੈ ਕਿ ਭਗਵੰਤ ਮਾਨ ਨੇ ਇਸ ਬਾਰੇ ਆਮ ਆਦਮੀ ਪਾਰਟੀ ਦੇ ਹਾਈਕਮਾਨ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News