ਬੀਬੀ ਭੱਠਲ ਲਈ ‘ਲੋਕ ਨਾਇਕ’ ਹਨ ਭਗਵੰਤ ਮਾਨ
Wednesday, Aug 28, 2019 - 06:52 PM (IST)

ਚੰਡੀਗੜ੍ਹ — ਸੰਗਰੂਰ ਲੋਕ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਚੋਣਾਂ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਲੋਕ ਨਾਇਕ ਮੰਨਦੀ ਹੈ। ਬੀਬੀ ਭੱਠਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਲੋਕਾਂ ਨਾਲ ਜੁੜੇ ਹੋਏ ਲੀਡਰ ਹਨ। ਭੱਠਲ ਨੇ ਕਿਹਾ ਲੋਕਾਂ ਨੇ ਝਾੜੂ ਨੂੰ ਨਹੀਂ ਸਗੋਂ ਭਗਵੰਤ ਮਾਨ ਨੂੰ ਵੋਟ ਦਿੱਤੀ ਹੈ। ਪੰਜਾਬ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਬੀਬੀ ਭੱਠਲ ਨੇ ਆਪਣੀ ਰਜ਼ਾਮੰਦੀ ਦਰਸਾਈ ਹੈ। ਬੀਬੀ ਦਾ ਕਹਿਣਾ ਹੈ ਕੀ ਉਨ੍ਹਾਂ ਨੇ ਕਦੇ ਟਿਕਟ ਨਹੀਂ ਮੰਗੀ ਪਰ ਜੇਕਰ ਪਾਰਟੀ ਹੁਕਮ ਲਗਾਵੇਗੀ ਤਾਂ ਉਹ ਚੋਣ ਲੜਨ ਲਈ ਤਿਆਰ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਬੀਬੀ ਭੱਠਲ ਦੇ ਭਗਵੰਤ ਮਾਨ ਖਿਲਾਫ ਲੜਨ ਦੇ ਚਰਚੇ ਸਨ। ਇਸ ਤੋਂ ਬਾਅਦ ਸ਼ਾਹਕੋਟ ਦੀ ਜ਼ਿਮਨੀ ਚੋਣ ’ਚ ਵੀ ਭੱਠਲ ਦੇ ਨਾਂ ਦੀ ਗੱਲ ਕੀਤੀ ਜਾ ਰਹੀ ਸੀ। ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਬੀਬੀ ਭੱਠਲ ਇਨ੍ਹਾਂ ਜ਼ਿਮਨੀ ਚੋਣਾਂ ਦੇ ਸਹਾਰੇ ਸਰਗਰਮ ਸਿਆਸਤ ’ਚ ਵਾਪਸੀ ਦੀ ਤਾਕ ’ਚ ਹਨ।