ਭਗਵੰਤ ਮਾਨ ਦੀ ਮੈਂਬਰੀ ਰੱਦ ਕੀਤੀ ਜਾਵੇ : ਸਿਰਸਾ

07/23/2016 6:51:33 PM

ਚੰਡੀਗੜ੍ਹ — ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਸਲਾਹਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਪਾਰਲੀਮੈਂਟ ਹਾਊਸ ਦੀ ਰੇਕੀ ਕਰਨ ਦੀ ਜੰਮ ਕੇ ਨਿਖੇਧੀ ਕਰਦਿਆਂ ਇਸ ਨਾ ਮੁਆਫੀ ਯੋਗ ਕਾਰੇ ਲਈ ਉਸ ਦੀ ਲੋਕ ਸਭਾ ਦੀ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਹੈ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਅਪੀਲ ਕਰਦਿਆਂ ਸਿਰਸਾ ਨੇ ਕਿਹਾ ਕਿ ਮੁਲਕ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਭਗਵੰਤ ਮਾਨ ਦੇ ਇਸ ਕਾਰੇ ਨੇ ਰਿਚਰਡ ਹੇਡਲੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਿਸ ਨੇ ਭਾਰਤ ਵਿਚ ਵੱਖ-ਵੱਖ ਅੱਤਵਾਦੀ ਹਮਲਿਆਂ ਤੋਂ ਪਹਿਲਾਂ ਅਤਿ ਸੰਵੇਦਨਸ਼ੀਲ ਸਥਾਨਾਂ ਦੀ ਰੇਕੀ ਕੀਤੀ ਸੀ। ਇਸ ਲਈ ਮਾਨ ਦੇ ਇਸ ਬੱਜਰ ਗੁਨਾਹ ਲਈ ਉਸ ਨੂੰ ਕਦੀ ਵੀ ਮੁਆਫ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਅਜਿਹਾ ਕਾਰਜ ਨਹੀਂ ਕਿ ਮੁਆਫੀ ਮੰਗਣ ਨਾਲ ਹੀ ਕੰਮ ਚੱਲ ਜਾਵੇ ।
ਸਿਰਸਾ ਨੇ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਇਕ ਪਾਸੇ ਭਗਵੰਤ ਮਾਨ ਮੁਆਫੀ ਮੰਗਣ ਦਾ ਪਖੰਡ ਕਰਕੇ ਪਾਰਲੀਮੈਂਟ ਹੀ ਨਹੀਂ ਪੂਰੇ ਹਿੰਦੁਸਤਾਨ ਨੂੰ ਗੁਮਰਾਹ ਕਰ ਰਹੇ ਹਨ, ਦੂਜੇ ਪਾਸੇ ਇਹ ਉਹੀ ਭਗਵੰਤ ਮਾਨ ਹਨ ਜਿਨ੍ਹਾਂ ਨੇ ਇਹ ਕਾਰਾ ਕਰਨ ''ਤੇ ਮਾਣ ਮਹਿਸੂਸ ਕਰਦਿਆਂ ਸਗੋਂ ਇਸ ਤਰ੍ਹਾਂ ਦੀਆਂ ਹੋਰ ਵੀਡਿਓ ਰਿਕਾਰਡ ਕਰਕੇ ਸੋਸ਼ਲ ਮੀਡੀਆ ''ਤੇ ਪੋਸਟ ਕਰਨ ਦੀ ਇੱਛਾ ਜਤਾਈ ਸੀ ਪਰ ਚਾਰ-ਚੁਫੈਰਿਉਂ ਹੋ ਰਹੀ ਅਲੋਚਨਾ ''ਤੇ ਨਿੰਦਿਆ ਤੋਂ ਡਰਦਿਆਂ ਖਹਿੜਾ ਛੁਡਾਉਣ ਲਈ ਮਜਬੂਰਨ ਮੁਆਫੀ ਮੰਗਣ ਦੇ ਸੁਆਂਗ ਦਾ ਸਹਾਰਾ ਲੈਣਾ ਪਿਆ।


Gurminder Singh

Content Editor

Related News