ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਲੱਭਿਆ 7 ਸਾਲਾਂ ਤੋਂ ਗੁਆਚਿਆ ਪੁੱਤ, ਖੁਸ਼ੀ ’ਚ ਖੀਵਾ ਹੋਇਆ ਪਰਿਵਾਰ
Wednesday, Mar 16, 2022 - 09:58 PM (IST)
ਸਾਦਿਕ (ਦੀਪਕ, ਪਰਮਜੀਤ) : ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਨੇੜਲੇ ਪਿੰਡ ਸ਼ੇਰ ਸਿੰਘ ਵਾਲਾ ਦਾ ਨੌਜਵਾਨ ਜਸਵਿੰਦਰ ਸਿੰਘ 7 ਸਾਲ ਤੋਂ ਘਰੋਂ ਲਾਪਤਾ ਸੀ, ਇਸ ਸਮੇਂ ਦੌਰਾਨ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦੀ ਬਹੁਤ ਭਾਲ ਕੀਤੀ ਪਰੰਤੂ ਉਸ ਦਾ ਕੋਈ ਸੁਰਾਖ ਨਹੀ ਮਿਲਿਆ। ਜਸਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਲਗਭਗ 7 ਸਾਲ ਪਹਿਲਾ ਉਹ ਫੌਜ ਦੀ ਭਰਤੀ ਦੀ ਪ੍ਰੈਕਟਿਸ ਲਈ ਘਰੋਂ ਹਰ ਰੋਜ਼ ਦੌੜਨ ਜਾਂਦਾ ਸੀ ਪਰੰਤੂ ਇਕ ਦਿਨ ਉਹ ਘਰ ਵਾਪਸ ਨਹੀਂ ਆਇਆ। ਉਸ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰੰਤੂ ਅਸਫਲ ਰਹੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਆਖੀਆਂ ਵੱਡੀਆਂ ਗੱਲਾਂ, ਇਨਕਲਾਬ ਜ਼ਿੰਦਾਬਾਦ ਦੇ ਲਗਾਏ ਨਾਅਰੇ
ਅੱਜ ਉਸ ਵੇਲੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਜਦੋਂ ਸਾਦਿਕ ਥਾਣੇ ਤੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਖਟਕੜ ਕਲਾਂ ਵਿਖੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਚੱਲ ਰਹੀਆਂ ਤਿਆਰੀਆਂ ਲਈ ਲੱਗ ਰਹੇ ਟੈਂਟ ਵਿਚ ਬਤੌਰ ਮਜ਼ਦੂਰ ਕੰਮ ਕਰ ਰਿਹਾ ਸੀ। ਉਸ ਸਮੇਂ ਪੁਲਸ ਕਰਮਚਾਰੀਆਂ ਵੱਲੋਂ ਸਰੁੱਖਿਆ ਮੰਤਵ ਲਈ ਸਮਾਰੋਹ ਦੀ ਤਿਆਰੀ ਵਿਚ ਲੱਗੇ ਕਾਮਿਆਂ ਦੇ ਪਛਾਣ ਪੱਤਰ ਮੰਗੇ ਤਾਂ ਜਸਵਿੰਦਰ ਸਿੰਘ ਕੋਲ ਆਪਣੀ ਪਹਿਚਾਣ ਵਾਲਾ ਕੋਈ ਸਬੂਤ ਨਹੀਂ ਸੀ ਤਾਂ ਉਸਨੇ ਜ਼ੁਬਾਨੀ ਹੀ ਆਪਣਾ ਨਾਮ ਅਤੇ ਘਰ ਦਾ ਪੂਰਾ ਪਤਾ ਦੱਸ ਦਿੱਤਾ। ਪੜਤਾਲ ਕਰਨ ਲਈ ਜਦੋਂ ਪਿੰਡ ਸ਼ੇਰਸਿੰਘ ਵਾਲਾ ਤੋਂ ਜਸਵਿੰਦਰ ਸਿੰਘ ਸਬੰਧੀ ਪੁੱਛਿਆ ਗਿਆ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ 7 ਸਾਲ ਤੋਂ ਲਾਪਤਾ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਖਟਕੜ ਕਲਾਂ ਪਹੁੰਚ ਕੇ ਜਸਵਿੰਦਰ ਸਿੰਘ ਨੂੰ ਘਰ ਵਾਪਸ ਲੈ ਆਏ। ਜਸਵਿੰਦਰ ਸਿੰਘ ਦੇ ਲੱਭਣ ਨਾਲ ਸਾਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਪੰਜਾਬ ’ਚ ਮਿਲੀ ਵੱਡੀ ਹਾਰ ਤੋਂ ਬਾਅਦ ਕਾਂਗਰਸ ’ਚ ਮੰਥਨ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨਿਸ਼ਾਨੇ ’ਤੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?