'ਆਪ' ਦੀਆਂ ਚੋਣ ਸਰਗਰਮੀਆਂ ਹੋਈਆਂ ਤੇਜ਼, ਭਗਵੰਤ ਮਾਨ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ
Saturday, Oct 16, 2021 - 02:07 PM (IST)
ਧੂਰੀ (ਅਸ਼ਵਨੀ): ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ 2022 ਦੀਆਂ ਚੋਣਾਂ ਵਿੱਚ ਧੂਰੀ ਹਲਕੇ ਤੋਂ ਚੋਣ ਲੜਨ ਦੀ ਸੰਭਾਵਨਾ ਨੇ ਲੋਕਾਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਸ਼ਹਿਰ ਦੇ ਬੁੱਧੀਜੀਵੀ ਵਰਗ ਦੇ ਵੋਟਰਾਂ ਅਤੇ ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤਣ ਉਪਰੰਤ ਕਰੀਬ 8 ਸਾਲ ਤੋਂ ਭਗਵੰਤ ਮਾਨ ਦੀ ਗੈਰ-ਹਾਜ਼ਰੀ ਹਲਕੇ ਦੇ ਲੋਕਾਂ ਨੂੰ ਰੜਕ ਰਹੀ ਹੈ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚੋਂ ਗੈਰ-ਹਾਜ਼ਰ ਰਹਿਣ ਵਾਲਾ ਇਹ ਆਮ ਆਦਮੀ ਹੁਣ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗੇਗਾ। ਲੋਕਾਂ ਵਿੱਚ ਇਸ ਗੱਲ ਦੀ ਚਰਚਾ ਵੀ ਹੈ ਕਿ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਅਖਵਾਉਣ ਵਾਲਾ ਵਿਅਕਤੀ ਸੰਗਰੂਰ ਸੀਟ ਤੋਂ ਚੋਣ ਲੜਨ ਲਈ ਪਾਸਾ ਕਿਉਂ ਵੱਟ ਰਿਹਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ
ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ (ਬ) ਵੱਲੋਂ ਸੰਗਰੂਰ ਤੋਂ ਇੱਕ ਵੱਡੇ ਚਿਹਰੇ ਨੂੰ ਚੋਣ ਲੜਾਏ ਜਾਣ ਦੀ ਚਰਚਾ ਅਤੇ ਉੱਥੋਂ ਮੁਕਾਬਲਾ ਤਿਕੋਨਾ ਹੋਣ ਦੇ ਡਰੋਂ ਭਗਵੰਤ ਮਾਨ ਹਲਕਾ ਧੂਰੀ ਨੂੰ ਸੇਫ ਸੀਟ ਮੰਨਦੇ ਹੋਏ ਇੱਥੋਂ ਤਿਆਰੀ ਵਿੱਚ ਲੱਗ ਗਿਆ ਹੈ ਅਤੇ ਅੱਜ-ਕੱਲ ਆਪਣੇ ਘਰ ਪਿੰਡਾਂ ਦੇ ਮੋਹਤਬਰ ਲੋਕਾਂ ਨੂੰ ਬੁਲਾ ਕੇ ਉਹਨਾਂ ਨੂੰ ਗਰਾਂਟਾਂ ਆਦਿ ਵੀ ਦੇ ਰਿਹਾ ਹੈ, ਜਦੋਂਕਿ ਜੇਕਰ ਭਗਵੰਤ ਮਾਨ ਦੀ ਪਿਛਲੇ 8 ਸਾਲ ਦੀ ਕਾਰਗੁਜ਼ਾਰੀ ’ਤੇ ਨਿਗਾ ਮਾਰੀਏ ਤਾਂ ਧੂਰੀ ਸ਼ਹਿਰ ਦੇ ਵਿਕਾਸ ਲਈ ਭਗਵੰਤ ਮਾਨ ਵੱਲੋਂ ਕੋਈ ਵੱਡੀ ਗਰਾਂਟ ਨਹੀਂ ਦਿੱਤੀ ਗਈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿਛਲੇ ਕਰੀਬ 5 ਸਾਲਾਂ ਤੋਂ ਹਲਕੇ ਦੇ ਕਈ ਲੋਕਲ ਸੀਨੀਅਰ ਆਗੂ ਜੋ ਕਿ ਆਪਣੇ ਆਪ ਨੂੰ ਸੰਭਾਵੀ ਉਮੀਦਵਾਰ ਸਮਝਦੇ ਹੋਏ ਲੋਕਾਂ ਦੇ ਦੁੱਖ-ਸੁੱਖ ਵਿੱਚ ਵਿਚਰਦੇ ਆ ਰਹੇ ਸਨ, ਦੀਆਂ ਆਸਾਂ ’ਤੇ ਵੀ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਅਬੋਹਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਪਤੀ ਨੇ ਬੱਚਿਆਂ ਸਾਹਮਣੇ ਕੁਹਾੜੀ ਨਾਲ ਵੱਢੀ ਪਤਨੀ
ਇਨ੍ਹਾਂ ਆਗੂਆਂ ਵਿੱਚ ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਐਸ.ਐਸ.ਚੱਠਾ, ਜੱਸੀ ਸੇਖੋਂ, ਪੰਨੂ ਕਾਤਰੋਂ, ਅਮਰਦੀਪ ਸਿੰਘ ਧਾਂਦਰਾ ਅਤੇ ਮਰਹੂਮ ਸੰਦੀਪ ਸਿੰਗਲਾ ਦਾ ਭਰਾ ਸ਼ਾਮ ਸਿੰਗਲਾ ਆਦਿ ਦਾ ਨਾਂ ਆਉਂਦਾ ਹੈ ਅਤੇ ਇਨ੍ਹਾਂ ਆਗੂਆਂ ਵੱਲੋਂ ਸ਼ਹਿਰ ਵਿੱਚ ਲੱਖਾਂ ਰੁਪਏ ਦੀਆਂ ਫਲੈਕਸਾਂ ਲਗਵਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕਾਂ ਵਿੱਚ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਜੇਕਰ ਭਗਵੰਤ ਮਾਨ ਨੂੰ ਐਮ.ਪੀ. ਜਿਤਾਉਣ ਤੋਂ ਬਾਅਦ ਉਸ ਦੇ ਦਰਸ਼ਨ ਵੀ ਨਹੀਂ ਹੋਏ ਤਾਂ ਧੂਰੀ ਤੋਂ ਵਿਧਾਇਕ ਜਿੱਤਣ ਉਪਰੰਤ ਜੇਕਰ ਉਹ ਆਪਣੀ ਇੱਛਾ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ’ਤੇ ਜਾ ਵਿਰਾਜਿਆ ਤਾਂ ਉਸ ਦੇ ਦਰਸ਼ਨ ਕੇਵਲ ਤਸਵੀਰਾਂ ਵਿੱਚ ਹੀ ਕੀਤੇ ਜਾ ਸਕਣਗੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਰਾਜਨੀਤਕ ਪਾਰਟੀਆਂ ਨੂੰ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਹਲਕੇ ਦੇ ਲੋਕਾਂ ਪਾਸੋਂ ਰਾਏ-ਸ਼ੁਮਾਰੀ ਜਰੂਰ ਕਰਵਾ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮਾਨਸਾ ’ਚ ਵੱਡੀ ਵਾਰਦਾਤ: ਪੁੱਤਰ ਨੇ ਤਲਵਾਰ ਨਾਲ ਵੱਢਿਆ ਸੁੱਤਾ ਹੋਇਆ ਪਿਓ