ਫੂਲਕਾ ਖਿਲਾਫ ਭਗਵੰਤ ਮਾਨ ਨੇ ਰਚੀ ਸੀ ਸਾਜਿਸ਼, ਆਡੀਓ ਵਾਇਰਲ

08/08/2018 4:12:53 PM

ਫਰੀਦਕੋਟ— ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਦੀ ਇਕ ਆਡੀਓ ਵਾਇਰਲ ਹੋਈ ਹੈ, ਜਿਸ ਨੇ ਸਿਆਸੀ ਗਲਿਆਰਿਆਂ 'ਚ ਖਲਬਲੀ ਮਚਾ ਦਿੱਤੀ ਹੈ। ਇਹ ਆਡੀਓ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਸਨਕਦੀਪ ਸਿੰਘ ਵਲੋਂ ਜਾਰੀ ਕੀਤੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਰਾਜਸਭਾ ਚੋਣਾਂ ਤੋਂ ਪਹਿਲਾਂ ਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਆਡੀਓ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮ 'ਤੇ  ਐੱਚ. ਐੱਸ. ਫੂਲਕਾ ਅਤੇ ਗੁਰਬਿੰਦਰ ਸਿੰਘ ਕੰਗ ਦਾ ਵਿਰੋਧ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਕੰਮ ਲਈ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਾਥ ਮਿਲਣ ਦੀ ਹਾਮੀ ਵੀ ਭਰੀ ਗਈ ਹੈ। ਹਾਲਾਂਕਿ 'ਜਗ ਬਾਣੀ' ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਇਹ ਆਡੀਓ ਕਲਿੱਪ 'ਚ ਆਵਾਜ਼ ਭਗਵੰਤ ਮਾਨ ਦੀ ਹੈ।

ਆਡੀਓ 'ਚ ਭਗਵੰਤ ਮਾਨ ਕਿਸੇ ਵਰਕਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਸਨਕਦੀਪ ਵਲੋਂ ਜਾਰੀ ਆਡੀਓ 'ਚ ਭਗਵੰਤ ਮਾਨ ਵਾਲੰਟੀਅਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਕੇਜਰੀਵਾਲ ਦੀ ਰੈਲੀ ਵਿਚ ਕੋਈ ਹੰਗਾਮਾ ਨਾ ਕਰਨ ਅਤੇ ਦੋਹਾਂ ਆਗੂਆਂ ਦੇ ਹਲਕਿਆਂ ਵਿਚ ਜਾ ਕੇ ਪ੍ਰਦਰਸ਼ਨ ਕਰਨ। ਭਗਵੰਤ ਮਾਨ ਨੇ ਵਾਲੰਟੀਅਰਾਂ ਨੂੰ ਇਹ ਵੀ ਕਿਹਾ ਕਿ ਦਾਖਾ ਦੇ ਉਮੀਦਵਾਰ ਐੱਚ. ਐੱਸ. ਫੂਲਕਾ ਨੂੰ ਬਲੈਕਮੇਲਰ ਸਮਝਦੇ ਹਨ ਅਤੇ ਉਸ ਨੇ 'ਆਪ' ਦੇ ਸਿੱਖ ਵਿਰੋਧੀ ਹੋਣ ਦਾ ਪ੍ਰਚਾਰ ਕਰਨ ਦੀ ਧਮਕੀ ਦੇ ਕੇ ਹੀ ਟਿਕਟ ਲਈ ਹੈ।


Related News