ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਨੂੰ ਬਣਾਇਆ ਪੁਲਸ ਸਟੇਟ : ਸੁਖਪਾਲ ਖਹਿਰਾ
Saturday, Jan 31, 2026 - 07:00 PM (IST)
ਲੁਧਿਆਣਾ (ਵੈੱਬ ਡੈੱਸਕ) : ਪੁਲਸ ਦੇ ਕਥਿਤ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਰਣਜੋਤ ਸਿੰਘ ਦੇ ਘਰ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਤਿੱਖੇ ਹਮਲੇ ਕੀਤੇ ਹਨ। ਖਹਿਰਾ ਨੇ ਰਣਜੋਤ ਸਿੰਘ ਦੀ ਹਾਲਤ ਦੇਖਦਿਆਂ ਕਿਹਾ ਕਿ ਜੋ ਉਸ ਨਾਲ ਹੋਇਆ ਹੈ, ਉਹ ਪੁਲਸ ਦੇ ਤਸ਼ੱਦਦ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਪੰਜਾਬ ਦੇ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਜੇਕਰ ਸਰਕਾਰ ਹੀ ਅਜਿਹਾ ਕਰੇਗੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਕੌਣ ਬਚਾਵੇਗਾ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਸਕੂਲਾਂ ਨੂੰ ਪਾਰਟੀ ਰੰਗ ’ਚ ਰੰਗਣ ਦਾ ਫ਼ੈਸਲਾ ਸ਼ਰਮਨਾਕ : ਪਰਗਟ ਸਿੰਘ
ਪੰਜਾਬ ਬਣਿਆ ‘ਪੁਲਸ ਸਟੇਟ’
ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਇਕ ‘ਪੁਲਸ ਸਟੇਟ’ ਵਿਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੁਲਸ ਨੂੰ ਇਕ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਖਹਿਰਾ ਨੇ ਮੁੱਖ ਮੰਤਰੀ ਅਤੇ ਕੇਜਰੀਵਾਲ ਨੂੰ ‘ਨਾਸਤਕ’ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਰੱਬ ’ਤੇ ਯਕੀਨ ਹੁੰਦਾ ਤਾਂ ਉਹ ਪੁਲਸ ਨੂੰ ਨੌਜਵਾਨਾਂ 'ਤੇ ਤਸ਼ੱਦਦ ਕਰਨ ਦੀ ਇੰਨੀ ਖੁੱਲ੍ਹ ਕਦੇ ਨਾ ਦਿੰਦੇ। ਖਹਿਰਾ ਨੇ ਮੌਜੂਦਾ ਹਾਲਾਤ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਸਿਰਫ ਸੁਪਰੀਮ ਕੋਰਟ ਅਤੇ ਹਾਈਕੋਰਟ ਤੋਂ ਹੀ ਉਮੀਦ ਹੈ। ਪੰਜਾਬ ਵਿਚ ਲਾਅ ਐਂਡ ਆਰਡਰ ਦਾ ਪੂਰੀ ਤਰ੍ਹਾਂ ਬੇੜਾ ਗਰਕ ਹੋ ਚੁੱਕਾ ਹੈ। ਹੁਣ ਸਾਨੂੰ ਸਿਰਫ ਸੁਪਰੀਮ ਕੋਰਟ, ਹਾਈਕੋਰਟ ਜਾਂ ਰੱਬ ਤੋਂ ਹੀ ਉਮੀਦ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ’ਤੇ ਅਗਵਾ ਅਤੇ ਇਰਾਦਾ ਦਾ ਮੁਕੱਦਮਾ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਕਚਹਿਰੀ ਚੌਂਕ 'ਚ ਪੈ ਗਿਆ ਭੜਥੂ, ਮੰਜ਼ਰ ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪਣੇ ਬਿਆਨਾਂ ਤੋਂ ਮੁੱਕਰ ਰਹੇ ਹਨ ਅਤੇ ਹਰਪਾਲ ਚੀਮਾ ਨੇ ਵੀ ਮੰਨਿਆ ਹੈ ਕਿ SIT ਤੇ ਮੁੱਖ ਮੰਤਰੀ ਵਿਚਾਲੇ ‘ਮਿਸ ਕਮਨੀਕੇਸ਼ਨ’ ਹੋਈ ਹੈ। ਉਨ੍ਹਾਂ ਬੇਅਦਬੀ ਮਾਮਲੇ ਅਤੇ ਮੌੜ ਬੰਬ ਬਲਾਸਟ ਵਰਗੇ ਗੰਭੀਰ ਮੁੱਦਿਆਂ ’ਤੇ ਵੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕੀ ਸਰਕਾਰ ਨੇ ਇਕ ਵਾਰ ਵੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੰਜਾਬ ਲਿਆ ਕੇ ਜਾਂਚ ਕਰਨ ਦੀ ਹਿੰਮਤ ਦਿਖਾਈ ਹੈ। 328 ਸਰੂਪਾਂ ਦੇ ਮਾਮਲੇ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਵੀ ਜਾਅਲੀ ਪ੍ਰਤੀਤ ਹੁੰਦੀ ਹੈ। ਖਹਿਰਾ ਨੇ ਕਿਹਾ ਕਿ ਮੌੜ ਬਲਾਸਟ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਵੀ ਸਿਰਫ ਸਿਆਸਤ ਕੀਤੀ ਜਾ ਰਹੀ ਹੈ। ਖਹਿਰਾ ਨੇ ਬੇਹੱਦ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਰਕਾਰ ਇੰਨੀ ਜ਼ਾਲਮ ਹੋ ਚੁੱਕੀ ਹੈ ਕਿ ਆਪਣੇ ਵਿਰੋਧੀਆਂ ਨੂੰ ਐਲਮੀਨੇਟ (ਖਤਮ) ਕਰਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸਰਕਾਰ ਵਿਰੋਧੀਆਂ ਦੇ ਹਾਦਸੇ ਕਰਵਾ ਸਕਦੀ ਹੈ ਜਾਂ ਉਨ੍ਹਾਂ ਨੂੰ ਮਰਵਾ ਵੀ ਸਕਦੀ ਹੈ। ਖਹਿਰਾ ਮੁਤਾਬਕ, ‘ਆਪ’ ਸਰਕਾਰ ਭਾਜਪਾ ਦੀ ਤਰਜ਼ ’ਤੇ ‘ਡੀਪ ਸਟੇਟ ਪਾਲਿਸੀ’ ਅਧੀਨ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਬਦਲ ਜਾਵੇਗਾ ਮੌਸਮ, ਚਾਰ ਦਿਨ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਦੀ ਵੱਡੀ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
