ਭਗਵੰਤ ਮਾਨ ਨੇ ''ਈਦ'' ਮੌਕੇ ਲੋਕਾਂ ਨੂੰ ਦਿੱਤੀ ਵਧਾਈ, ਪੰਜਾਬ ਨੂੰ ਲੈ ਕੇ ਆਖ਼ੀਆਂ ਇਹ ਗੱਲਾਂ
Tuesday, May 03, 2022 - 10:34 AM (IST)
ਮਲੇਰਕੋਟਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਈਦ-ਉਲ-ਫਿਤਰ ਦੇ ਮੌਕੇ 'ਤੇ ਮਲੇਰਕੋਟਲਾ ਵਿਖੇ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ। ਭਗਵੰਤ ਮਾਨ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਸਭ ਭਾਈਚਾਰਿਆਂ ਦੇ ਲੋਕ ਮਿਲ ਕੇ ਰਹਿੰਦੇ ਹਨ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ। ਇੱਥੇ ਨਫ਼ਰਤ ਦੇ ਬੀਜ ਨਹੀਂ ਉੱਗਦੇ।
ਉਨ੍ਹਾਂ ਕਿਹਾ ਕਿ ਇਹ ਧਰਤੀ ਬਹੁਤ ਉਪਜਾਊ ਹੈ ਅਤੇ ਇੱਥੇ ਜੋ ਮਰਜ਼ੀ ਬੀਜ ਲਓ, ਸਭ ਕੁੱਝ ਉੱਗ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਭ੍ਰਿਸ਼ਟਾਚਾਰੀਆਂ ਅਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਹੋਰ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਬੜਾ ਔਖਾ ਕੰਮ ਹੈ ਕਿਉਂਕਿ ਸਿਸਟਮ ਵਿਗੜੇ ਨੂੰ 75 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ, ਉਹ ਸਿਰ-ਮੱਥੇ ਪਰਵਾਨ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, ਮਾਨ ਸਰਕਾਰ ਅੱਜ ਲੈ ਸਕਦੀ ਹੈ ਫ਼ੈਸਲਾ
ਉਨ੍ਹਾਂ ਕਿਹਾ ਕਿ ਆਉਣ ਵਾਲੇ 1-2 ਸਾਲਾਂ 'ਚ ਲੋਕਾਂ ਨੂੰ ਪੰਜਾਬ ਦਾ ਰੰਗ ਬਦਲਦਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਮਿਲੀ ਨੂੰ ਕਿੰਨੇ ਸਾਲ ਬੀਤ ਗਏ ਹਨ ਪਰ ਅਸੀਂ ਅਜੇ ਤੱਕ ਗਲੀਆਂ-ਨਾਲੀਆਂ 'ਤੇ ਹੀ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਜਿਸ ਨੂੰ ਮੈਂ ਪੂਰਾ ਨਾ ਕਰ ਸਕਾਂ, ਉਹ ਵਾਅਦਾ ਕਦੇ ਨਹੀਂ ਕਰਦਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਆਉਣ ਵਾਲੇ ਦਿਨਾਂ 'ਚ ਜ਼ਿੰਦਗੀ ਲੀਅ 'ਤੇ ਆਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ