ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਸੰਗਰੂਰ ਘਰ ਪੁੱਜੇ ਭਗਵੰਤ ਮਾਨ, ਕੀਤਾ ਗਿਆ ਭਰਵਾਂ ਸੁਆਗਤ (ਤਸਵੀਰਾਂ)
Friday, Mar 18, 2022 - 12:50 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹਿਲੀ ਵਾਰ ਸੰਗਰੂਰ ਵਿਖੇ ਆਪਣੇ ਘਰ ਡਰੀਮਲੈਂਡ ਕਲੋਨੀ ਵਿਖੇ ਪਹੁੰਚੇ। ਇੱਥੇ ਉਨ੍ਹਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਅਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸੰਗਰੂਰ ਪੁੱਜਣ 'ਤੇ ਜੀ ਆਇਆਂ ਨੂੰ ਕਿਹਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਾਨ ਸਰਕਾਰ ਦੇ ਨਵੇਂ ਮੰਤਰੀ ਭਲਕੇ ਚੁੱਕਣਗੇ ਸਹੁੰ, ਮਗਰੋਂ ਹੋਵੇਗੀ ਪਹਿਲੀ ਕੈਬਨਿਟ ਬੈਠਕ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਗਾਰਡ ਆਫ਼ ਆਨਰ ਦੀ ਸਲਾਮੀ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਰੰਗਾਂ ਦੇ ਤਿਉਹਾਰ ਹੋਲੀ ਮੌਕੇ ਭਗਵੰਤ ਮਾਨ ਸੰਗਰੂਰ ਵਿਖੇ ਪੁੱਜੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਪ੍ਰਮੁੱਖ ਆਗੂ ਵੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਨਾਲ ਸਨ।
ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਭਗਵੰਤ ਮਾਨ ਦੇ ਘਰ ਡਰੀਮਲੈਂਡ ਕਾਲੋਨੀ ਵਿਖੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਅਤੇ ਜ਼ਿਲ੍ਹਾ ਪੁਲਸ ਮੁਖੀ ਸਵੱਪਨ ਸਰਮਾ ਦੀ ਉਚੇਚੇ ਤੌਰ 'ਤੇ ਹਾਜ਼ਰ ਰਹੇ।
ਹਲਕਾ ਧੂਰੀ ਦੇ ਆਪ ਆਗੂ ਭਗਵੰਤ ਮਾਨ ਨੂੰ ਮਿਲੇ
ਵਿਧਾਨ ਸਭਾ ਹਲਕਾ ਧੂਰੀ ਜਿਸ ਹਲਕੇ ਤੋਂ ਭਗਵੰਤ ਮਾਨ ਵਿਧਾਇਕ ਜਿੱਤ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਸ ਹਲਕੇ ਨਾਲ ਸਬੰਧਿਤ ਵੱਡੀ ਗਿਣਤੀ ਆਗੂਆਂ ਵੱਲੋਂ ਵੀ ਅੱਜ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਹਲਕਾ ਧੂਰੀ ਵਿਖੇ ਆਉਣ ਲਈ ਸੱਦਾ ਵੀ ਦਿੱਤਾ ਗਿਆ। ਬਲਵਿੰਦਰ ਸਿੰਘ ਬਿੱਲੂ ਔਲਖ ਧੂਰੀ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਧੂਰੀ ਅਤੇ ਸੀਨੀਅਰ ਵਾਈਸ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਹਲਕੇ ਨਾਲ ਸਬੰਧਿਤ ਕੁੱਝ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਿੱਲੂ ਔਲਖ ਧੂਰੀ ਨੇ ਦੱਸਿਆ ਕਿ ਭਗਵੰਤ ਮਾਨ ਨੇ ਜਲਦ ਹੀ ਧੂਰੀ ਹਲਕੇ ਅੰਦਰ ਆ ਕੇ ਧੂਰੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਆਪ ਦੇ ਪ੍ਰਮੁੱਖ ਆਗੂ ਅਮਰਦੀਪ ਸਿੰਘ ਧਾਂਦਰਾ ਅਤੇ ਨੌਜਵਾਨ ਆਗੂ ਗੁਰਜੀਤ ਸਿੰਘ ਕਾਂਝਲਾ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ