ਵੱਡਾ ਸਵਾਲ : 'ਭਗਵੰਤ ਮਾਨ' ਆਪਣੇ ਕੋਲ ਰੱਖਣਗੇ ਗ੍ਰਹਿ ਵਿਭਾਗ ਜਾਂ ਬਣਾਉਣਗੇ ਵੱਖਰਾ ਹੋਮ ਮਨਿਸਟਰ?
Monday, Mar 14, 2022 - 11:25 AM (IST)
ਲੁਧਿਆਣਾ (ਹਿਤੇਸ਼) : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦ 16 ਮਾਰਚ ਨੂੰ ਨਵੀਂ ਸਰਕਾਰ ਦਾ ਗਠਨ ਹੋਣ ਜਾ ਰਿਹਾ ਹੈ ਪਰ ਹੁਣ ਤੱਕ ਨਵੇਂ ਬਣਨ ਵਾਲੇ ਮੰਤਰੀ ਮੰਡਲ ਦੀ ਤਸਵੀਰ ਹਾਲੇ ਸਾਫ਼ ਨਹੀਂ ਹੋ ਸਕੀ। ਭਾਵੇਂ ਸੋਸ਼ਲ ਮੀਡੀਆ ’ਤੇ ਨਵੇਂ ਬਣਾਏ ਜਾਣ ਵਾਲੇ ਮੰਤਰੀਆਂ ਜਾਂ ਉਨ੍ਹਾਂ ਦੇ ਵਿਭਾਗਾਂ ਨੂੰ ਲੈ ਕੇ ਲਿਸਟ ਵਾਇਰਲ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਨਾ ਤਾਂ ਇਸ ਲਿਸਟ ਦੀ ਪੁਸ਼ਟੀ ਕੀਤੀ ਗਈ ਅਤੇ ਨਾ ਹੀ ਉਸ ਨੂੰ ਖਾਰਜ ਕੀਤਾ ਗਿਆ ਹੈ।
ਇਸ ਦੌਰਾਨ ਇਹ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ ਕਿ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਵਿਭਾਗ ਆਪਣੇ ਕੋਲ ਰੱਖਣਗੇ ਜਾਂ ਵੱਖਰਾ ਹੋਮ ਮਨਿਸਟਰ ਬਣਾਉਣਗੇ। ਇਸ ਮਾਮਲੇ ’ਚ ਜੇਕਰ ਪਿਛਲੇ 20 ਸਾਲ ਦੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਵਿਭਾਗ ਆਪਣੇ ਕੋਲ ਹੀ ਰੱਖਿਆ ਸੀ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਵਿਚ ਇਹ ਜ਼ਿੰਮੇਵਾਰੀ ਸੁਖਬੀਰ ਬਾਦਲ ਨੂੰ ਦਿੱਤੀ ਸੀ। ਇਸੇ ਤਰਜ਼ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸੁਖਜਿੰਦਰ ਸੰਘ ਰੰਧਾਵਾ ਨੂੰ ਡਿਪਟੀ ਚੀਫ ਮਨਿਸਟਰ ਦੇ ਨਾਲ ਗ੍ਰਹਿ ਵਿਭਾਗ ਦਿੱਤਾ ਗਿਆ ਸੀ। ਇਸ ਵਾਰ ਜੇਕਰ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਕੋਲ ਨਾ ਰੱਖਿਆ ਤਾਂ ਵੱਖਰਾ ਹੋਮ ਮਨਿਸਟਰ ਬਣਾਉਣ ਲਈ ਸਾਬਕਾ ਆਈ. ਪੀ. ਐੱਸ. ਕੁੰਵਰ ਵਿਜੇ ਪ੍ਰਤਾਪ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਪਲਾਂ 'ਚ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਮੌਤ
ਕੌਣ ਹੋਵੇਗਾ ਨਵਾਂ ਵਿੱਤ, ਸਿੱਖਿਆ ਅਤੇ ਸਿਹਤ ਮੰਤਰੀ
ਨਵੀਂ ਸਰਕਾਰ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਇਸ ਵੱਲ ਵੀ ਲੱਗੀਆਂ ਹੋਈਆਂ ਹਨ ਕਿ ਨਵਾਂ ਵਿੱਤ, ਸਿੱਖਿਆ ਅਤੇ ਸਿਹਤ ਮੰਤਰੀ ਕੌਣ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਾਅਦੇ ਕੀਤੇ ਗਏ ਹਨ ਅਤੇ ਬਾਕੀ ਐਲਾਨਾਂ ਨੂੰ ਪੂਰਾ ਕਰਨ ਲਈ ਫੰਡ ਜੁਟਾਉਣ ਦੀ ਜ਼ਿੰਮੇਵਾਰੀ ਵਿੱਤ ਮੰਤਰਾਲਾ ਦੇ ਮੋਢਿਆਂ ’ਤੇ ਹੋਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਇਲੈਕਟ੍ਰਿਕ ਵਾਹਨ' ਖ਼ਰੀਦਣ 'ਤੇ ਮਿਲੇਗੀ ਵਿਸ਼ੇਸ਼ ਛੋਟ, ਇਸ ਤਾਰੀਖ਼ ਤੋਂ ਲਾਗੂ ਹੋਵੇਗੀ ਨੀਤੀ
ਪੂਰੇ ਮੰਤਰੀ ਨਾ ਬਣਾਉਣ ਦੀ ਹੋ ਰਹੀ ਚਰਚਾ
ਨਿਯਮਾਂ ਅਨੁਸਾਰ ਮੁੱਖ ਮੰਤਰੀ ਦੇ ਨਾਲ 18 ਮੰਤਰੀ ਬਣਾਏ ਜਾ ਸਕਦੇ ਹਨ, ਜਿਸ ਨੂੰ ਕਾਂਗਰਸ ਵੱਲੋਂ ਅਪਣਾਇਆ ਗਿਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਸ਼ੁਰੂਆਤੀ ਦੌਰ ’ਚ ਪੂਰੇ ਮੰਤਰੀ ਨਾ ਬਣਾਉਣ ਜਾਂ ਮਾਨ ਵਲੋਂ ਇਕੱਲੇ ਸਹੁੰ ਚੁੱਕਣ ਦੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਅੱਜ ਦੇਣਗੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ, ਟਵੀਟ ਕਰਕੇ ਆਖੀ ਇਹ ਗੱਲ
ਪੁਰਾਣੇ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਤਰਜ਼ੀਹ
ਆਮ ਆਦਮੀ ਪਾਰਟੀ ਕੋਲ ਭਾਵੇਂ 92 ਵਿਧਾਇਕ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪਹਿਲੀ ਵਾਰ ਜਿੱਤੇ ਹਨ ਜਾਂ ਦੂਜੀਆਂ ਪਾਰਟੀਆਂ ਤੋਂ ਆਏ ਹਨ, ਜਿਸ ਦੇ ਮੱਦੇਨਜ਼ਰ ਮੰਤਰੀ ਬਣਾਉਣ ਲਈ ਪੁਰਾਣੇ ਵਿਧਾਇਕਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਇਨ੍ਹਾਂ ਵਿਚ ਹਰਪਾਲ ਚੀਮਾ, ਸਰਬਜੀਤ ਮਾਣੂੰਕੇ, ਕੁਲਤਾਰ ਸੰਧਵਾਂ, ਅਮਨ ਅਰੋੜਾ, ਬੁੱਧ ਰਾਮ, ਜੈ ਕਿਸ਼ਨ ਰੋੜੀ, ਮੀਤ ਹੇਅਰ, ਪ੍ਰੋ. ਬਰਜਿੰਦਰ ਕੌਰ ਦੇ ਨਾਂ ਸ਼ਾਮਲ ਹਨ।
ਦਿੱਗਜਾਂ ਨੂੰ ਹਰਾਉਣ ਵਾਲਿਆਂ ਨੂੰ ਮਿਲ ਸਕਦੈ ਮੌਕਾ
ਆਮ ਆਦਮੀ ਪਾਰਟੀ ਦੀ ਸਰਕਾਰ ’ਚ ਦਿੱਗਜਾਂ ਨੂੰ ਹਰਾਉਣ ਵਾਲੇ ਵਿਧਾਇਕਾਂ ਨੂੰ ਮੰਤਰੀ ਬਣਨ ਦਾ ਮੌਕਾ ਮਿਲ ਸਕਦਾ ਹੈ, ਜਿਨ੍ਹਾਂ ’ਚ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਚਰਨਜੀਤ ਚੰਨੀ, ਨਵਜੋਤ ਸਿੱਧੂ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਬਾਦਲ ਨੂੰ ਹਰਾਉਣ ਵਾਲਿਆਂ ਦਾ ਨਾਂ ਮੁੱਖ ਤੌਰ ’ਤੇ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ