ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ''ਭਗਵੰਤ ਮਾਨ'', ਜਾਣੋ ਕਾਮੇਡੀਅਨ ਤੋਂ ਸਿਆਸਤਦਾਨ ਬਣਨ ਦਾ ਸਫ਼ਰ

Friday, Mar 11, 2022 - 02:42 PM (IST)

ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ''ਭਗਵੰਤ ਮਾਨ'', ਜਾਣੋ ਕਾਮੇਡੀਅਨ ਤੋਂ ਸਿਆਸਤਦਾਨ ਬਣਨ ਦਾ ਸਫ਼ਰ

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕਰਨ ਮਗਰੋਂ ਭਗਵੰਤ ਮਾਨ ਸੂਬੇ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਹਨ। ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।
ਭਗਵੰਤ ਮਾਨ ਦਾ ਨਿੱਜੀ ਪਿਛੋਕੜ
ਭਗਵੰਤ ਮਾਨ ਦਾ ਜਨਮ 17 ਅਕਤੂਬਰ, 1972 ਨੂੰ ਸਤੌਜ, ਜ਼ਿਲ੍ਹਾ ਸੰਗਰੂਰ, ਪੰਜਾਬ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸ ਵਾਈਫ਼ ਹਨ। ਭਗਵੰਤ ਮਾਨ ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਕਾਮੇਡੀ ਦੇ ਖੇਤਰ 'ਚ ਆ ਗਏ। ਉਹ ਪੰਜਾਬੀ ਵਿੱਚ ਆਪਣੀਆਂ ਸਕਿੱਟਾਂ ਕਰ ਕੇ ਵਧੇਰੇ ਮਸ਼ਹੂਰ ਹੋਏ ਹਨ। ਭਗਵੰਤ ਮਾਨ ਨੇ ਆਪਣਾ ਕਾਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਸ਼ੁਰੂ ਕੀਤਾ ਸੀ।  ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਸੁਨਾਮ ਕਾਲਜ ਲਈ ਦੋ ਗੋਲਡ ਮੈਡਲ ਜਿੱਤੇ। ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਤੋਂ 16ਵੀਂ ਲੋਕ ਸਭਾ ਦੇ ਸਾਂਸਦ ਹਨ।

ਇਹ ਵੀ ਪੜ੍ਹੋ : ਚਰਨਜੀਤ ਸਿੰਘ ਚੰਨੀ ਨੇ ਬੁਲਾਈ ਮੰਤਰੀ ਮੰਡਲ ਦੀ ਬੈਠਕ, ਰਾਜਪਾਲ ਨੂੰ ਸੌਂਪ ਸਕਦੇ ਨੇ ਅਸਤੀਫ਼ਾ
ਜਾਣੋ ਸਿਆਸੀ ਸਫ਼ਰ
ਭਗਵੰਤ ਮਾਨ ਨੇ ਮਾਰਚ 2012 ਤੋਂ ਪਹਿਲਾਂ ਕਦੇ ਵੀ ਕਿਸੇ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਵੀ ਨਹੀਂ ਲਈ ਸੀ। ਮਾਰਚ 2011 'ਚ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ. ਪੀ. ਪੀ.) ਬਣਾਈ ਤਾਂ ਭਗਵੰਤ ਮਾਨ ਵੀ ਸਿਆਸਤ 'ਚ ਕੁੱਦ ਪਏ। ਫਰਵਰੀ, 2012 'ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਨੇ ਹਲਕਾ ਲਹਿਰਾਗਾਗਾ ਤੋਂ ਪੀ. ਪੀ. ਪੀ. ਦੇ ਉਮੀਦਵਾਰ ਵਜੋਂ ਕਾਂਗਰਸ ਦੀ ਦਿੱਗਜ਼ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਚੋਣ ਲੜੀ ਪਰ ਉਹ ਹਾਰ ਗਏ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੀ. ਪੀ. ਪੀ. ਨੂੰ ਕੋਈ ਵੀ ਸੀਟ ਨਹੀਂ ਮਿਲੀ ਅਤੇ ਅਕਾਲੀ ਦਲ ਦੀ ਲਗਾਤਾਰ ਦੂਜੀ ਵਾਰ ਸਰਕਾਰ ਬਣ ਗਈ।

ਇਹ ਵੀ ਪੜ੍ਹੋ : ਇਸ਼ਕ-ਏ-ਸਿਸਵਾਂ ਲੈ ਡੁੱਬਾ 'ਕੈਪਟਨ' ਨੂੰ, ਹੁਣ ਕੀ ਕਰਨਗੇ

ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵਿੱਚ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਭਗਵੰਤ ਮਾਨ ਨੇ ਕਾਂਗਰਸ ਵਿੱਚ ਜਾਣ ਦੀ ਥਾਂ ਵੱਖਰਾ ਰਾਹ ਚੁਣਿਆ ਅਤੇ 2014 ਵਿੱਚ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ। 2014 ਵਿੱਚ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਤੇ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਭਗਵੰਤ ਮਾਨ ਨੇ 2,11,721 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸੰਸਦ ਮੈਂਬਰ ਭਗਵੰਤ ਮਾਨ 2014 ਤੋਂ ਸੰਗਰੂਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬੰਪਰ ਜਿੱਤ ਨਾਲ 'ਆਪ' ਨੂੰ ਮਿਲੇਗਾ ਵੱਡਾ ਫ਼ਾਇਦਾ, ਰਾਜ ਸਭਾ 'ਚ ਬਣੇਗੀ ਪੰਜਵੀਂ ਵੱਡੀ ਪਾਰਟੀ

2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ 'ਆਪ' ਦੇ ਸਟਾਰ ਪ੍ਰਚਾਰਕ ਦੇ ਨਾਲ ਹੀ ਜਲਾਲਾਬਾਦ ਤੋਂ ਚੋਣ ਲੜਨ ਨੂੰ ਲੈ ਕੇ ਸੁਰਖੀਆਂ ਵਿਚ ਸਨ। 2019 ਵਿਚ ਭਗਵੰਤ ਮਾਨ ਨੇ ਫਿਰ ਆਮ ਆਦਮੀ ਪਾਰਟੀ ਤੋਂ ਸੰਗਰੂਰ ਜ਼ਿਲ੍ਹੇ ਤੋਂ ਲੋਕ ਸਭਾ ਚੋਣ ਲੜੀ। ਸੰਗਰੂਰ ਤੋਂ ਮਾਨ ਨੇ ਵੱਡੀ ਗਿਣਤੀ ’ਚ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉਹ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਵਿਚੋਂ ਸੰਸਦ ਮੈਂਬਰ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News