ਪੰਜਾਬ ਸਰਕਾਰ ਦਾ ਕੰਮ, ਆਪਣਿਆਂ ਨੂੰ ਗੱਫੇ ਤੇ ਲੋਕਾਂ ਨੂੰ ਧੱਕੇ : ਭਗਵੰਤ ਮਾਨ

06/19/2021 3:55:37 PM

ਲੁਧਿਆਣਾ (ਨਰਿੰਦਰ) : ਆਮ ਆਦਮੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਗਿਆ ਹੈ ਅਤੇ ਇਸ ਦਾ ਕੇਂਦਰ ਲੁਧਿਆਣਾ ਬਣਿਆ ਹੈ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਸ.ਸੀ. ਵਜ਼ੀਫ਼ਾ ਘਪਲੇ ਦੇ ਮਾਮਲੇ 'ਤੇ ਕਈ ਦਿਨਾਂ ਤੋਂ ਚਲਾਈ ਜਾ ਰਹੀ ਭੁੱਖ-ਹੜਤਾਲ ਵਿੱਚ ਹੁਣ ਪੰਜਾਬ ਦੇ ਹੀ ਨਹੀਂ, ਸਗੋਂ ਦਿੱਲੀ ਦੇ ਲੀਡਰ ਵੀ ਪਹੁੰਚ ਰਹੇ ਹਨ। ਬੀਤੇ ਦਿਨ ਰਾਘਵ ਚੱਢਾ ਅਤੇ ਅੱਜ ਸੰਸਦ ਮੈਂਬਰ ਭਗਵੰਤ ਮਾਨ ਇੱਥੇ ਪੁੱਜੇ।

ਹਾਲਾਂਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ 40 ਫ਼ੀਸਦੀ ਐਸ. ਸੀ. ਸਕਾਲਰਸ਼ਿਪ ਲਈ ਰਾਸ਼ੀ ਦਾ ਆਪਣਾ ਹਿੱਸਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਹੁਣ ਆਮ ਆਦਮੀ ਪਾਰਟੀ ਆਪਣਾ ਕ੍ਰੈਡਿਟ ਅਤੇ ਧਰਨੇ ਦਾ ਅਸਰ ਮੰਨ ਰਹੀ ਹੈ। ਭਗਵੰਤ ਮਾਨ ਨੇ ਕਿਹਾ ਸੂਬਾ ਸਰਕਾਰ ਆਪਣਿਆਂ ਨੂੰ ਗੱਫੇ ਅਤੇ ਬਾਕੀਆਂ ਨੂੰ ਧੱਕੇ ਮਾਰ ਰਹੀ ਹੈ। ਨਾਲ ਹੀ ਉਨ੍ਹਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਦਲਿਤ ਚੋਣਾਂ ਵੇਲੇ ਹੀ ਕਿਉਂ ਸਿਆਸੀ ਪਾਰਟੀਆਂ ਨੂੰ ਯਾਦ ਆਉਂਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਦਲਿਤਾਂ ਦੇ ਨਾਲ ਖੜ੍ਹੀ ਹੈ ਅਤੇ ਸਿਰਫ ਹੁਣ ਨਹੀਂ, ਸਗੋਂ ਪਹਿਲਾਂ ਵੀ ਧਰਨੇ ਲਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਗ਼ਰੀਬਾਂ ਅਤੇ ਮਜ਼ਲੂਮਾਂ ਨੂੰ ਹੱਕ ਦਿਵਾਉਣਾ ਹੈ। ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਜੋ ਫ਼ੈਸਲਾ ਕਰੇਗੀ, ਉਹ ਹੀ ਹੋਵੇਗਾ। 


Babita

Content Editor

Related News