ਕਿਸਾਨ ਅੰਦੋਲਨ : 11ਵੇਂ ਗੇੜ ਦੀ ਮੀਟਿੰਗ ਅਸਫ਼ਲ ਰਹਿਣ ''ਤੇ ''ਭਗਵੰਤ ਮਾਨ'' ਦਾ ਵੱਡਾ ਬਿਆਨ, ਜਾਣੋ ਕੀ ਬੋਲੇ
Saturday, Jan 23, 2021 - 12:03 PM (IST)

ਚੰਡੀਗੜ੍ਹ (ਰਮਨਜੀਤ) : ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਹੋਈ 11ਵੇਂ ਗੇੜ ਦੀ ਮੀਟਿੰਗ ਅਸਫ਼ਲ ਰਹਿਣ ’ਤੇ ਆਮ ਆਦਮੀ ਪਾਰਟੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਥਾ ਨਿਕੰਮੀ ਤੇ ਅਸਫ਼ਲ ਸਿੱਧ ਹੋ ਰਹੀ ਹੈ। ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਮਸਲਾ ਹੱਲ ਕਰਨ ਦੀ ਥਾਂ ਇਸ ਮਾਮਲੇ ਨੂੰ ਭੜਕਾਉਣ ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੇ 'ਦਲਿਤ ਵਿਦਿਆਰਥੀਆਂ' ਦਾ ਭਵਿੱਖ ਖ਼ਤਰੇ 'ਚ
ਉਨ੍ਹਾਂ ਕਿਹਾ ਕਿ 11ਵੇਂ ਗੇੜ ਦੀ ਮੀਟਿੰਗ 'ਚ ਸਰਕਾਰ ਵੱਲੋਂ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਥਾਂ ਕਿਸਾਨ ਆਗੂਆਂ ਦੀ ਬੇਇੱਜ਼ਤੀ ਕਰਨਾ ਅਤੇ ਦਿੱਲੀ ਪੁਲਸ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਗੱਡੀ ’ਤੇ ਹਮਲਾ ਕਰਵਾ ਕੇ ਸ਼ੀਸੇ ਭੰਨਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ 'ਚ ਦੇਸ਼ ਵਾਸੀਆਂ ਨੂੰ ਉਮੀਦ ਸੀ ਕਿ ਸਰਕਾਰ ਕਿਸਾਨਾਂ ਦੀ ਸਿੱਧੀ-ਸਾਦੀ ਮੰਗ ਨੂੰ ਮੰਨਦੇ ਹੋਏ ਤੁਰੰਤ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਮੰਨੇਗੀ ਪਰ ਬਹੁਤ ਦੁੱਖਦਾਈ ਹੈ ਕਿ ਮੋਦੀ ਸਰਕਾਰ ਦੇ ਮੰਤਰੀਆਂ ਨੇ ਉਲਟਾ ਗੁੰਡਿਆਂ ਦੀ ਤਰ੍ਹਾਂ ਕਿਸਾਨ ਆਗੂਆਂ ਨੂੰ ਹੀ ਡਰਾਉਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਗੁੰਡਿਆਂ ਵੱਲੋਂ ਕਿਸਾਨ ਆਗੂਆਂ ਡਾਕਟਰ ਦਰਸ਼ਨ ਪਾਲ ਅਤੇ ਰਾਕੇਸ਼ ਟਿਕੈਤ ਨੂੰ ਲਗਾਤਾਰ ਦਿੱਤੀਆਂ ਜਾ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਪਰਿਵਾਰਾਂ ਖ਼ਿਲਾਫ਼ ਕੀਤੀ ਜਾ ਰਹੀ ਭੱਦੀ ਸ਼ਬਦਾਵਲੀ ਨੇ ਭਾਰਤੀ ਜਨਤਾ ਪਾਰਟੀ ਦਾ ਅਸਲ ਚਿਹਰਾ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਦੇਸ਼ ‘ਚ ਹਰੇਕ ਨਾਗਰਿਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਪਰ ਮੋਦੀ ਸਰਕਾਰ ਵੱਲੋਂ ਲੋਕਾਂ ਅਤੇ ਕਿਸਾਨਾਂ ਦੇ ਮੁੱਢਲੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, 'ਸੁਨਹਿਰੀ ਮੌਕੇ' ਦੀ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ
ਭਗਵੰਤ ਮਾਨ ਨੇ ਕਿਹਾ ਕਿ ਇਕ ਲੋਕਤੰਤਰੀ ਢੰਗ ਨਾਲ ਚੁਣੀ ਗਈ ਕੇਂਦਰ ਸਰਕਾਰ ਅੱਜ ਦੇਸ਼ 'ਚ ਇਕ ਤਾਨਾਸ਼ਾਹ ਦੀ ਤਰ੍ਹਾਂ ਰਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਦੇਸ਼ ਦੇ ਅੰਨਦਾਤਾ ਦੀ ਮੰਗ ਨੂੰ ਮੰਨਦੀ ਹੋਈ ਤੁਰੰਤ ਕਾਲੇ ਕਾਨੂੰਨ ਰੱਦ ਕਰਦੀ ਪਰ ਸਰਕਾਰ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਡਰਾਉਣ, ਧਮਕਾਉਣ ਜਾਂ ਭਟਕਾਉਣ ਵਾਲੀਆਂ ਘਟੀਆਂ ਚਾਲਾਂ ਬੰਦ ਕਰ ਕੇ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ।
ਨੋਟ : ਕਿਸਾਨੀ ਅੰਦੋਲਨ ਦੇ ਹੱਕ 'ਚ ਮੋਦੀ ਸਰਕਾਰ ਖ਼ਿਲਾਫ਼ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ 'ਤੇ ਸਾਂਝੇ ਕਰੋ ਆਪਣੇ ਵਿਚਾਰ