ਚੋਣ ਜ਼ਾਬਤੇ ਦੀ ਉਲੰਘਣਾ ਤੋਂ ਬਾਅਦ ਭਗਵੰਤ ਮਾਨ ਦਾ ਜਵਾਬ (ਵੀਡੀਓ)
Wednesday, Mar 13, 2019 - 04:13 PM (IST)
ਸੰਗਰੂਰ : ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਮੋਗਾ ਜ਼ਿਲੇ ਦੇ ਪਿੰਡ ਵਰ੍ਹੇ ਦੇ ਸਕੂਲ ਵਿਖੇ ਰੈਲੀ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ। ਪੱਤਰਕਾਰ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਦੱਸਿਆ ਕਿ ਇਹ ਰੈਲੀ ਨਹੀਂ ਸਗੋਂ ਜਨਸਭਾ ਸੀ। ਇਹ ਜਨਸਭਾ ਪਹਿਲਾਂ ਹੀ ਤੈਅ ਹੋਈ ਸੀ ਪਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਉੱਥੇ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਕਾਨੂੰਨ ਅਨੁਸਾਰ ਇਜ਼ਾਜਤ ਲੈਣ ਦੀ ਲੋੜ ਪਈ ਤਾਂ ਅਸੀਂ ਇਜ਼ਾਜਤ ਲਵਾਂਗੇ। ਟਕਸਾਲੀਆਂ ਦੇ ਗਠਜੋੜ 'ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਫੈਸਲਾ ਇਕ-ਦੋ ਦਿਨ 'ਚ ਆ ਜਾਵੇਗਾ।
ਦੱਸ ਦਈਏ ਕਿ ਮੋਗਾ 'ਚ ਸਕੂਲ ਵਿਖੇ ਰੈਲੀ ਕਰਕੇ ਐੱਸ. ਡੀ. ਐੱਮ. ਧਰਮਕੋਟ ਨਰਿੰਦਰ ਸਿੰਘ ਨੇ ਰੈਲੀ ਦੇ ਇੰਚਾਰਜ ਨੂੰ ਨੋਟਿਸ ਜਾਰੀ ਕਰਕੇ 48 ਘੰਟੇ 'ਚ ਜੁਆਬ ਮੰਗਿਆ ਹੈ। ਉਨ੍ਹਾਂ ਨੇ ਨੋਟਿਸ 'ਚ ਲਿਖਿਆ ਹੈ ਕਿ ਰੈਲੀ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਿੰਡ ਦੀ ਮਨਜ਼ੂਰੀ ਲਈ ਸੀ ਪਰ ਫਿਰ ਸਕੂਲ 'ਚ ਰੈਲੀ ਕਿਉਂ ਕੀਤੀ ਗਈ। ਦੱਸਣਾ ਬਣਦਾ ਹੈ ਕਿ ਮੋਗਾ ਜ਼ਿਲੇ 'ਚ ਕੀਤੀਆਂ ਗਈਆਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ 'ਚ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਅਤੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਸ਼ਿਰਕਤ ਕੀਤੀ ਸੀ।