ਪੰਚਾਇਤ ਚੁਣੇ ਜਾਣ 'ਤੇ ਐਲਾਨੀ ਗ੍ਰਾਂਟ ਨਾ ਦੇਣ 'ਤੇ ਭਗਵੰਤ ਮਾਨ ਦਾ ਵਿਰੋਧ

Wednesday, Mar 13, 2019 - 05:39 PM (IST)

ਪੰਚਾਇਤ ਚੁਣੇ ਜਾਣ 'ਤੇ ਐਲਾਨੀ ਗ੍ਰਾਂਟ ਨਾ ਦੇਣ 'ਤੇ ਭਗਵੰਤ ਮਾਨ ਦਾ ਵਿਰੋਧ

ਸੰਦੌੜ (ਰਿਖੀ) - ਸੰਗਰੂਰ ਤੋਂ ਐੱਮ.ਪੀ ਅਤੇ 'ਆਮ ਆਦਮੀ ਪਾਰਟੀ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਮਿੱਠੇਵਾਲ, ਦਸ਼ੌਂਦਾ ਸਿੰਘ ਵਾਲਾ, ਮਾਣਕੀ ਬਿਸ਼ਨਗੜ੍ਹ ਫਰਵਾਲੀ, ਕਲਿਆਣ, ਬਾਪਲਾ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਪਿੰਡ ਫਰਵਾਲੀ ਵਿਖੇ ਭਗਵੰਤ ਮਾਨ ਨੂੰ ਉਸ ਮੌਕੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਲੋਕਾਂ ਨੇ ਉਨ੍ਹਾਂ ਨੂੰ ਵਾਅਦਿਆਂ ਤੋਂ ਮੁੱਕਰੇ ਐੱਮ.ਪੀ ਕਹਿੰਦੇ ਹੋਏ ਉਨ੍ਹਾਂ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ। ਪਿੰਡ ਫਰਵਾਲੀ ਦੇ ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਮਲਕੀਤ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਮਨਜੀਤ ਸਿੰਘ ਪੰਚ, ਸਾਬਕਾ ਸਰਪੰਚ ਧਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਚਾਇਤ ਚੁਣੇ ਜਾਣ 'ਤੇ ਗ੍ਰਾਂਟ ਦੇਣ ਦਾ ਸਾਡੇ ਨਾਲ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੇ ਅਜੇ ਤੱਕ ਪੂਰਾ ਨਹੀਂ ਕੀਤਾ। 

ਇਸ ਮੌਕੇ ਉਨ੍ਹਾਂ ਕਿਹਾ ਕਿ ਭਗੰਵਤ ਨਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਹੁੰਦੀ ਹੈ ਤਾਂ ਉਹ ਪਿੰਡ ਦੇ ਵਿਕਾਸ ਲਈ ਪੰਜ ਲੱਖ ਦੀ ਗਾਂ੍ਰਟ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਪਿੰਡ 'ਚ ਬਹੁਤ ਸਾਰੇ ਕੰਮ ਹੋਣ ਵਾਲੇ ਸਨ, ਇਸ ਲਈ ਪਿੰਡ ਵਾਸੀਆਂ ਨੇ ਪਿੰਡ ਦੀ ਤਰੱਕੀ ਲਈ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਸੀ। ਇਸ ਸਬੰਧੀ ਉਹ ਕਈ ਵਾਰ ਸੰਗਰੂਰ ਵੀ ਗਏ ਪਰ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਉਥੇ ਕੁਝ ਨਹੀਂ ਮਿਲਿਆ। ਪਿੰਡ ਫਰਵਾਲੀ ਵਿਖੇ ਚੋਣ ਪ੍ਰਚਾਰ ਕਰਨ ਆਉਣ 'ਤੇ ਜਦੋਂ ਪੰਜ ਲੱਖ ਦੀ ਗਾਂ੍ਰਟ ਦੀ ਗੱਲ ਕੀਤੀ ਤਾਂ ਭਗਵੰਤ ਮਾਨ ਮੁੱਕਰਦੇ ਹੋਏ ਨਜ਼ਰ ਆਏ, ਜਿਸ ਕਾਰਨ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਅਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸਰਪੰਚ ਗਰੇਵਾਲ ਨੇ ਇਸ ਬਾਰ ਲੋਕ ਸਭਾ ਚੋਣਾਂ 'ਚ ਪਿੰਡ ਫਰਵਾਲੀ ਵਿਖੇ 'ਆਮ ਆਦਮੀ ਪਾਰਟੀ' ਦਾ ਪੋਲਿੰਗ ਬੂਥ ਨਾ ਲਗਾਉਣ ਦੀ ਗੱਲ ਕਹੀ।


author

rajwinder kaur

Content Editor

Related News