ਖਟਕੜ ਕਲਾਂ ਦੀ ਧਰਤੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦਾਂ ਦੇ ਹੱਕ ’ਚ ਵੱਡਾ ਕਦਮ ਚੁੱਕਣ ਦਾ ਐਲਾਨ

03/23/2022 10:19:48 PM

ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਅਰਪਿਤ ਕਰਨ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਠੋਸ ਅਤੇ ਸੁਹਿਰਦ ਯਤਨ ਕੀਤੇ ਜਾਣਗੇ। ਸ਼ਹੀਦ ਭਗਤ ਸਿੰਘ ਦੇ ਭਤੀਜੇ ਸਵ. ਅਭੈ ਸੰਧੂ ਦੀ ਪਤਨੀ ਤੇਜੀ ਸੰਧੂ, ਅਭੈ ਸੰਧੂ ਦੀ ਪੁੱਤਰੀ ਅਨੁਸ਼ ਪ੍ਰਿਆ, ਪ੍ਰਭਦੀਪ ਸਿੰਘ ਬੈਨੀਵਾਲ, ਹਕੂਮਤ ਸਿੰਘ ਮੱਲ੍ਹੀ, ਜ਼ੋਰਾਵਰ ਸਿੰਘ ਸੰਧੂ, ਗੌਰਵ ਸੰਧੂ, ਕੰਨਗੀ ਸੰਧੂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਮਹਾਨ ਨਾਇਕ ਅਤੇ ਉਨ੍ਹਾਂ ਦੇ ਦੋਵਾਂ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਾਡੀ ਸਰਕਾਰ ਹਰ ਸੰਭਵ ਯਤਨ ਕਰੇਗੀ, ਜਿਨ੍ਹਾਂ ਨੇ ਛੋਟੀ ਉਮਰ ਵਿਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਆਜ਼ਾਦੀ ਦੇ 70 ਸਾਲ ਤੋਂ ਵੱਧ ਸਮਾਂ ਬੀਤ ਜਾਣ ਪਿੱਛੋਂ ਵੀ ਇਨ੍ਹਾਂ ਕੌਮੀ ਨਾਇਕਾਂ ਨੂੰ ਇਹ ਦਰਜਾ ਨਹੀਂ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਨੂੰ ਬਰਤਾਨਵੀ ਸਾਮਰਾਜਵਾਦ ਦੇ ਚੁੰਗਲ ਵਿਚੋਂ ਕੱਢਣ ਲਈ ਸਮੁੱਚੀ ਕੌਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਅਦੁੱਤੀ ਸ਼ਹਾਦਤ ਦੀ ਸਦਾ ਰਿਣੀ ਰਹੇਗੀ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਵਲੋਂ ਲਿਵ-ਇਨ ’ਚ ਰਹਿਣ ਵਾਲੀ ਜਨਾਨੀ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੀ ਸੁਹਿਰਦ ਸੋਚ ’ਤੇ ਡੱਟ ਕੇ ਪਹਿਰਾ ਦੇਣ ਅਤੇ ਖੁਸ਼ਹਾਲ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਘਰਸ਼ ਦੇ ਨੌਜਵਾਨ ਨਾਇਕ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦੀ ਤਾਕਤਾਂ ਤੋਂ ਮੁਕਤ ਕਰਵਾਉਣ ਲਈ ਛੋਟੀ ਉਮਰੇ ਹੀ ਆਪਣੀ ਜਾਨ ਵਾਰ ਦਿੱਤੀ ਸੀ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਹਾਨ ਨਾਇਕ ਦੀ ਇੱਛਾ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ’ਤੇ ਭੜਕੇ ਸੁਨੀਲ ਜਾਖੜ, ਦਿੱਤਾ ਵੱਡਾ ਬਿਆਨ

ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਦੇਸ਼ ਅਤੇ ਸੂਬੇ ਵਿਚ ਸੱਤਾ ਸੰਭਾਲਣ ਵਾਲਿਆਂ ਨੇ ਸ਼ਹੀਦ ਭਗਤ ਸਿੰਘ ਦੇ ਸੁਫ਼ਨੇ ਨੂੰ ਅਮਲੀ ਜਾਮਾ ਪਵਾਉਣ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਉਨ੍ਹਾਂ ਮੁਲਕਾਂ ਵਿਚ ਹੀ ਜਾਣ ਲਈ ਮਜਬੂਰ ਹੋਣਾ ਪਿਆ ਜਿਨ੍ਹਾਂ ਦੇ ਮੂਲ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਨੇ ਲੰਮੇ ਅਜ਼ਾਦੀ ਸੰਘਰਸ਼ ਤੋਂ ਬਾਅਦ ਦੇਸ਼ ਤੋਂ ਬਾਹਰ ਕੱਢਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਦੇ ਸਹਿਯੋਗ ਨਾਲ ਇਸ ਮੰਦਭਾਗੇ ਰੁਝਾਨ ਨੂੰ ਠੱਲ੍ਹ ਪਾਈ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਵੱਡਾ ਫ਼ੈਸਲਾ, 35000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਨੇਕ ਕਾਰਜ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਅਤੇ ਮਦਦ ਤੋਂ ਬਿਨਾਂ ਇਹ ਮਹੱਤਵਪੂਰਨ ਕਾਰਜ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਮੁੱਖ ਮੰਤਰੀ ਨੇ ਖਟਕੜ ਕਲਾਂ ਸਥਿਤ ਅਜਾਇਬ ਘਰ ਦਾ ਦੌਰਾ ਵੀ ਕੀਤਾ। ਭਾਵੁਕ ਹੋ ਕੇ ਭਗਵੰਤ ਮਾਨ ਨੇ ਵਿਜ਼ਟਰ ਬੁੱਕ ਵਿਚ ਲਿਖਿਆ, “ਖਟਕੜ ਕਲਾਂ ਦੀ ਪਵਿੱਤਰ ਧਰਤੀ ਹਮੇਸ਼ਾਂ ਮੇਰੇ ਦਿਲ ਦੇ ਬਹੁਤ ਨੇੜੇ ਰਹੀ ਹੈ। ਅਜਾਇਬ ਘਰ ਵਿਚ ਦਰਸਾਏ ਸ਼ਹੀਦ ਦੇ ਜੀਵਨ ਵੇਰਵਿਆਂ ਅਤੇ ਨਿੱਜੀ ਚੀਜ਼ਾਂ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ। ਸ਼ਹੀਦ-ਏ-ਆਜ਼ਮ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਨੈਤਿਕ ਫਰਜ਼ ਹੈ।” ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਵਲੋਂ ਲਿਵ-ਇਨ ’ਚ ਰਹਿਣ ਵਾਲੀ ਜਨਾਨੀ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News