ਭਗਵੰਤ ਮਾਨ ਦਾ ਪੱਤਰਕਾਰਾਂ ਨਾਲ ਰੇੜਕਾ ਸੁਲਝਿਆ
Friday, Dec 27, 2019 - 06:47 PM (IST)

ਚੰਡੀਗੜ੍ਹ : ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਇਕ ਪੱਤਰਕਾਰ ਵਲੋਂ ਸਵਾਲ ਪੁੱਛੇ ਜਾਣ 'ਤੇ ਭਗਵੰਤ ਮਾਨ ਵਲੋਂ ਕੀਤੀ ਗਈ ਬਦਸਲੂਕੀ ਕਾਰਨ ਪੈਦਾ ਹੋਇਆ ਰੇੜਕਾ ਹੁਣ ਖਤਮ ਹੋ ਗਿਆ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਪਹੁੰਚੇ ਭਗਵੰਤ ਮਾਨ ਨੇ ਉਕਤ ਪੱਤਰਕਾਰ ਨਾਲ ਜੱਫੀ ਪਾ ਕੇ ਇਸ ਵਿਵਾਦ ਨੂੰ ਠੱਲ੍ਹ ਦਿੱਤਾ। ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆ ਸਕੀ ਕਿ ਇਹ ਸਮਝੌਤਾ ਕਿਨ੍ਹਾਂ ਸ਼ਰਤਾਂ 'ਤੇ ਹੋਇਆ ਹੈ ਪਰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਵੀ ਇਹ ਗੱਲ ਆਖੀ ਗਈ ਕਿ ਮਾਨ ਨਾਲ ਵਿਵਾਦ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਹਾਲਾਂਕਿ ਪੱਤਰਕਾਰਾਂ ਵਲੋਂ ਇਹ ਵੀ ਆਖਿਆ ਗਿਆ ਕਿ ਉਹ ਕਿਸੇ ਵੀ ਲੀਡਰ ਨਾਲ ਕਿਸੇ ਵੀ ਸਿਆਸੀ ਧਿਰ ਦੇ ਹੋ ਕੇ ਸਵਾਲ ਨਹੀਂ ਪੁੱਛਦੇ ਹਨ ਅਤੇ ਭਵਿੱਖ ਵਿਚ ਵੀ ਉਹ ਲੀਡਰਾਂ ਨੂੰ ਅਜਿਹੇ ਤਿੱਖੇ ਸਵਾਲ ਕਰਦੇ ਰਹਿਣਗੇ।
ਦੱਸਣਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਦੀ ਇਕ ਪੱਤਰਕਾਰ ਨਾਲ ਤਿੱਖੀ ਨੋਕ-ਝੋਕ ਹੋ ਗਈ ਸੀ ਅਤੇ ਇਹ ਮਾਮਲਾ ਇੰਨਾ ਵਿਗੜ ਗਿਆ ਕਿ ਭਗਵੰਤ ਮਾਨ ਗੁੱਸੇ 'ਚ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ ਸਨ। ਦਰਅਸਲ ਪੱਤਰਕਾਰ ਵਲੋਂ ਭਗਵੰਤ ਮਾਨ ਕੋਲੋਂ ਆਮ ਆਦਮੀ ਪਾਰਟੀ ਵਿਚ ਵਿਰੋਧੀ ਧਿਰ 'ਚ ਭੂਮਿਕਾ ਅਤੇ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਧਰਨਿਆਂ ਸੰਬੰਧੀ ਸਵਾਲ ਪੁੱਛਿਆ ਗਿਆ ਸੀ, ਇਹ ਸੁਣ ਕੇ ਭਗਵੰਤ ਮਾਨ ਗੁੱਸੇ 'ਚ ਆ ਗਏ ਅਤੇ ਪੱਤਰਕਾਰਾਂ ਨਾਲ ਹੀ ਉਲਝ ਪਏ ਸਨ।