ਜਲੰਧਰ ਵਿਚ ਨਵੀਆਂ ਐੱਲ. ਈ. ਡੀ. ਲਾਈਟਾਂ ਤੇ ਮਹਿਲਾ ਹਾਕੀ ਅਕੈਡਮੀ ਜਲਦ ਚਾਲੂ ਹੋਵੇਗੀ : ਮੁੱਖ ਮੰਤਰੀ

Sunday, May 07, 2023 - 03:43 PM (IST)

ਜਲੰਧਰ ਵਿਚ ਨਵੀਆਂ ਐੱਲ. ਈ. ਡੀ. ਲਾਈਟਾਂ ਤੇ ਮਹਿਲਾ ਹਾਕੀ ਅਕੈਡਮੀ ਜਲਦ ਚਾਲੂ ਹੋਵੇਗੀ : ਮੁੱਖ ਮੰਤਰੀ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਜਲੰਧਰ ਵਿਖੇ ਖਰਾਬ ਫਲੱਡ ਲਾਈਟਾਂ ਨੂੰ ਨਵੀਂ ਐੱਲ. ਈ. ਡੀ. ਨਾਲ ਤਬਦੀਲ ਕਰਨ ਅਤੇ ਮਹਿਲਾ ਹਾਕੀ ਅਕੈਡਮੀ ਖੋਲ੍ਹਣ ਦੀਆਂ ਮੰਗਾਂ ਉਪਰ ਤੁਰੰਤ ਲੋੜੀਂਦੀ ਕਰਵਾਈ ਦੇ ਆਦੇਸ਼ ਜਾਰੀ ਕੀਤੇ ਹਨ । ਦੇਸ਼ ਦੀ ਨਾਮੀ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਜੋ ਪਿਛਲੇ 40 ਸਾਲਾਂ ਤੋਂ ਜਲੰਧਰ ਵਿਖੇ ਕੌਮੀ ਤੇ ਕੌਮਾਂਤਰੀ ਪੱਧਰ ਦਾ ਸੁਰਜੀਤ ਹਾਕੀ ਟੂਰਨਾਮੈਂਟ ਹਰ ਸਾਲ ਕਰਵਾਉਂਦੀ ਆ ਰਹੀ ਹੈ, ਦੇ ਜਨਰਲ ਸਕੱਤਰ ਅਤੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਵੱਲੋਂ ਅੱਜ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਵਿਸ਼ੇਸ਼ ਮੁਲਾਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਹਾਕੀ ਦੀ ਖੇਡ ਪ੍ਰਤੀ ਚਰਚਾ ਕਰਦੇ ਹੋਏ ਸੁਰਜੀਤ ਹਾਕੀ ਸਟੇਡੀਅਮ ਵਿਖੇ ਸਾਲ 2006 ਵਿਚ ਲੱਗੀਆਂ ਇਨਕੈਂਡੀਸੈਂਟ ਬਲਬਾਂ ਅਧਾਰਿਤ ਖਰਾਬ ਫਲੱਡ ਲਾਈਟਾਂ ਨੂੰ ਨਵੀਂ ਐੱਲ. ਈ. ਡੀ.(LED) ਤਕਨੀਕ ਨਾਲ ਤੁਰੰਤ ਰਿਪਲੇਸ ਕਰਨ ਦੀ ਮੰਗ ਕੀਤੀ।

ਉਨ੍ਹਾਂ ਨੇ ਪੰਜਾਬ ਵਿਚ ਮਹਿਲਾ ਹਾਕੀ ਦੇ ਪੱਧਰ ਵਿਚ ਆਈ ਭਾਰੀ ਗਿਰਾਵਟ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਟੋਕੀਓ ਓਲੰਪਿਕ 2020 ਵਿਚ ਤਗਮੇ ਜਿੱਤਣ ਵਾਲੇ ਰਾਜ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਮਿਤੀ 12 ਅਗਸਤ, 2021 ਨੂੰ ਸਨਮਾਨ ਸਮਾਰੋਹ ਦੌਰਾਨ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਚ ਸਫਲਤਾ ਪੂਰਵਕ ਚਲ ਰਹੀ ਮਰਦਾਂ ਦੀ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਦੀ ਤਰਜ ਉਪਰ ਮਹਿਲਾ ਹਾਕੀ ਅਕੈਡਮੀ ਖੋਲ੍ਹਣ ਦੇ ਫੈਸਲੇ ਨੂੰ ਅਮਲੀ ਜਾਮਾਂ ਪਹਿਨਾਉਂਣ ਬਾਰੇ ਚਰਚਾ ਕੀਤੀ। ਇਸ ਦਰਾਨ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਮੰਗ ਪੱਤਰ ਵੀ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹਾਕੀ ਖੇਡ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਅਤੇ ਪੰਜਾਬ ਸਰਕਾਰ ਹਾਕੀ ਦੀ ਤਰੱਕੀ ਲਈ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ । ਉਨ੍ਹਾਂ ਨੇ ਦੋਵਾਂ ਮੰਗਾਂ ’ਤੇ ਜਲਦ ਕਰਵਾਈ ਕਰਨ ਦਾ ਭਰੋਸਾ ਦਿਵਾਇਆ।


author

Gurminder Singh

Content Editor

Related News