ਮੁਆਵਜ਼ੇ ਦੇ ਨਾਂ ’ਤੇ ਕਿਸਾਨਾਂ ਨਾਲ ਭੇਦਭਾਵ ਨਾ ਕਰੇ ਮਾਨ ਸਰਕਾਰ : ਨਿਮਿਸ਼ਾ ਮਹਿਤਾ

Sunday, Mar 27, 2022 - 03:39 PM (IST)

ਮੁਆਵਜ਼ੇ ਦੇ ਨਾਂ ’ਤੇ ਕਿਸਾਨਾਂ ਨਾਲ ਭੇਦਭਾਵ ਨਾ ਕਰੇ ਮਾਨ ਸਰਕਾਰ : ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਮਾਨਸਾ ਹਲਕੇ ’ਚ ਗੁਲਾਬੀ ਸੁੰਡੀ ਕਾਰਣ ਖਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਵਜੋਂ ਕਿਸਾਨਾਂ ਨੂੰ ਜਾਰੀ ਕੀਤੇ 101 ਕਰੋੜ ਰੁਪਏ ਦੀ ਜਿੱਥੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸ਼ਲਾਘਾ ਕੀਤੀ ਹੈ, ਉਥੇ ਹੀ ਉਨ੍ਹਾਂ ਇਸ ’ਤੇ ਸਵਾਲ ਵੀ ਚੁੱਕੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਮੁਆਵਜ਼ਾ ਕਾਂਗਰਸ ਸਰਕਾਰ ਵੇਲੇ ਕਰਵਾਈ ਗਈ ਗਿਰਦਾਵਰੀ ਦੇ ਹਿਸਾਬ ਨਾਲ ਦਿੱਤਾ ਗਿਆ ਹੈ। ਨਿਮਿਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਇਹ ਵੀ ਆਖ ਰਹੇ ਹਨ ਕਿ ਕਿਸਾਨਾਂ ਨੂੰ ਮੁਆਵਜ਼ਾ 18 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾਂ ਹੀ ਦੇ ਦਿੱਤਾ ਜਾਵੇਗਾ ਅਤੇ ਗਿਰਦਾਵਰੀ ਬਾਅਦ ਵਿਚ ਹੋਵੇਗੀ ਇਹ ਚੰਗੀ ਗੱਲ ਹੈ ਪਰ ਜਿਸ ਜਗ੍ਹਾ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਅਤੇ 150 ਏਕੜ ਫਸਲ ਤਬਾਹ ਕਰਕੇ ਉਥੇ ਪੰਡਾਲ ਲਗਾਇਆ ਸੀ, ਉਥੋਂ ਦੇ ਕਿਸਾਨਾਂ ਨੂੰ 45000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਹੈ ਜਦਕਿ ਮਾਨਸਾ ਵਿਚ ਇਹ ਮੁਆਵਜ਼ਾ 18000 ਰੁਪਏ ਪ੍ਰਤੀ ਏਕੜਾ ਦੇ ਹਿਸਾਬ ਨਾਲ ਦਿੱਤਾ ਗਿਆ ਹੈ।

ਨਿਮਿਸ਼ਾ ਨੇ ਕਿਹਾ ਕਿ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਲੋਕ ਸਰਕਾਰ ਦੇ ਸਮਾਗਮਾਂ ਜਾਂ ਰੈਲੀਆਂ ਲਈ ਆਪਣੀ ਫਸਲ ਬਰਬਾਦ ਕਰਵਾਉਣਗੇ ਤਾਂ ਉਨ੍ਹਾਂ ਨੂੰ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਨਿਮਿਸ਼ਾ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਨਸਾ ਦੇ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਮੁੱਖ ਮੰਤਰੀ ਨੇ ਬੀਤੇ ਦਿਨੀਂ ਦਿੱਤਾ ਹੈ, ਉਸ ’ਤੇ ਇਕ ਵਾਰ ਫਿਰ ਨਜ਼ਰਸਾਨੀ ਕਰਦੇ ਹੋਏ ਉਸ ਨੂੰ ਵਧਾ ਕੇ ਦੇਣਾ ਚਾਹੀਦਾ ਹੈ। ਕਾਂਗਰਸ ਵਲੋਂ ਕਰਵਾਈ ਗਈ ਗਿਰਦਾਵਰੀ ਦੇ ਆਧਾਰ ’ਤੇ ਨਹੀਂ ਸਗੋਂ ਪੰਜਾਬ ਸਰਕਾਰ ਬਿਹਤਰੀਨ ਮੁਆਵਜ਼ਾ ਦੇ ਕੇ ਨਵੀਂ ਮਿਸਾਲ ਕਾਇਮ ਕਰੇ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਜਿਤਾਇਆ ਹੈ, ਆਸ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਰ. ਟੀ. ਆਈ. ਪਾਉਣ ਅਤੇ ਖਟਕੜ ਕਲਾਂ ਵਿਖੇ ਦਿੱਤੇ ਮੁਆਵਜ਼ੇ ਬਾਰੇ ਜਾਣਕਾਰੀ ਹਾਸਲ ਕਰਕੇ ਅਤੇ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਨੱਥੀ ਕਰਕੇ ਇਸ ’ਤੇ ਇਕ ਪੀ. ਆਈ. ਐੱਲ. ਜ਼ਰੂਰ ਪਾਉਣ ਤਾਂ ਜੋ ਕਿਸਾਨਾਂ ਨਾਲ ਮੁਆਵਜ਼ੇ ਦੇ ਨਾਂ ’ਤੇ ਹੋ ਰਿਹਾ ਧੱਕਾ ਬੰਦ ਹੋ ਸਕੇ।


author

Gurminder Singh

Content Editor

Related News