‘ਆਪ’ ਦਾ ਪੰਜਾਬ ਸਰਕਾਰ ’ਤੇ ਵੱਡਾ ਹਮਲਾ, ਕਿਹਾ 50 ਫ਼ੀਸਦੀ ਸਰਕਾਰ ਭ੍ਰਿਸ਼ਟ, ਕੈਪਟਨ ਦੇਵੇ ਅਸਤੀਫ਼ਾ
Monday, Jun 07, 2021 - 06:35 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਲੋਂ ਕੋਰੋਨਾ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਫਤਿਹ ਕਿੱਟ ਦੇ ਮਾਮਲੇ ਵਿਚ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸੂਬਾ ਇੰਚਾਰਜ ਜਰਨੈਲ ਸਿੰਘ ਨੇ ਆਖਿਆ ਹੈ ਕਿ ਕੈਪਟਨ ਸਰਕਾਰ ਨੂੰ ਭ੍ਰਿਸ਼ਟਾਚਾਰ ਦੀ ਆਦਤ ਪੈ ਗਈ ਹੈ। ਪਹਿਲਾਂ ਰੇਤ ਮਾਫੀਆ ਦੇ ਘੁਟਾਲੇ, ਨਸ਼ਾ ਮਾਫੀਆ, ਫਿਰ ਸਕਾਲਰਸ਼ਿਪ ਘੁਟਾਲਾ ਅਤੇ ਵੈਕਸੀਨ ਘੁਟਾਲਾ ਸ਼ਾਂਤ ਨਹੀਂ ਸੀ ਹੋਇਆ ਸੀ ਕਿ ਹੁਣ ਪੰਜਾਬ ਸਰਕਾਰ ਦਾ ਫਤਿਹ ਕਿੱਟ ਮਾਮਲੇ ਵਿਚ ਨਵਾਂ ਘੁਟਾਲਾ ਸਾਹਮਣੇ ਆ ਗਿਆ ਹੈ। ‘ਆਪ’ ਆਗੂ ਜਰਨੈਲ ਸਿੰਘ ਨੇ ਕਿਹਾ ਕਿ ਫਤਿਹ ਕਿੱਟ ਦਾ 837 ਰੁਪਏ ਵਿਚ ਸਭ ਤੋਂ ਪਹਿਲਾ ਟੈਂਡਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਟੈਂਡਰ ਵਿਚ ਕਿਹਾ ਗਿਆ ਸੀ ਕਿ ਸਰਕਾਰ ਛੇ ਮਹੀਨੇ ਤਕ ਇਸ ਮੁੱਲ ਨੂੰ ਨਹੀਂ ਛੇੜ ਸਕਦੀ ਜਦਕਿ 3 ਅਪ੍ਰੈਲ ਨੂੰ ਫਿਰ ਟੈਂਡਰ ਕੀਤਾ ਗਿਆ ਅਤੇ ਇਸ ਦਾ ਰੇਟ 837 ਤੋਂ ਵਧਾ ਕੇ 940 ਕਰ ਦਿੱਤਾ ਗਿਆ। ਫਿਰ 20 ਅਪ੍ਰੈਲ ਨੂੰ ਮੁੜ ਟੈਂਡਰ ਕੀਤਾ ਗਿਆ ਅਤੇ ਇਹ ਕਿੱਟ 1226 ਰੁਪਏ ਵਿਚ ਖਰੀਦੀ ਗਈ ਜਦਕਿ 7 ਮਈ ਨੂੰ ਫਿਰ ਟੈਂਡਰ ਕਰਕੇ 1338 ਰੁਪਏ ਵਿਚ ਖਰੀਦੀ ਗਈ। ਜਿਹੜੀ ਕਿੱਟ 837 ਰੁਪਏ ਦੀ ਸੀ, ਉਸ ਨੂੰ 1338 ਰੁਪਏ ਤਕ ਪਹੁੰਚਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਸਰਕਾਰ ਵਾਂਗ ਆਪਦਾ ਵਿਚ ਮੌਕੇ ਲੱਭ ਰਹੀ। ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਵੀ ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੀ ਔਖੀ ਘੜੀ ਵਿਚਾਲੇ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਉਨ੍ਹਾਂ ਮਨਪਸੰਦ ਮੈਡੀਕਲ ਕੰਪਨੀਆਂ ਨੂੰ ਟੈਂਡਰ ਦੇ ਰਹੀ ਹੈ, ਜਿਨ੍ਹਾਂ ਕੋਲ ਲਾਇਸੈਂਸ ਵੀ ਨਹੀਂ ਹਨ। ਮਾਨ ਨੇ ਕਿਹਾ ਕਿ 7 ਘਰ ਤਾਂ ਡਾਇਨ ਵੀ ਛੱਡ ਦਿੰਦੀ ਹੈ ਪਰ ਪੰਜਾਬ ਸਰਕਾਰ ਕੁਝ ਵੀ ਛੱਡਣ ਨੂੰ ਤਿਆਰ ਨਹੀਂ ਹੈ। ਮਾਨ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਲੰਬੀ ਚੌੜੀ ਲਿਸਟ ਲੈ ਕੇ ਦਿੱਲੀ ’ਚ ਕਮੇਟੀ ਅੱਗੇ ਪੇਸ਼ ਹੋਏ ਅਤੇ ਉਨ੍ਹਾਂ ਖੁਦ ਕਿਹਾ ਕਿ ਪੰਜਾਬ ਸਰਕਾਰ ਦੇ ਇੰਨੇ ਮੰਤਰੀ ਤੇ ਵਿਧਾਇਕ ਕਰੱਪਟ ਹਨ। ਜਿਨ੍ਹਾਂ ਦਾ ਨਾਂ ਰੇਤ ਮਾਫੀਆ, ਐਕਸਾਈਜ਼ ਮਾਫੀਆ, ਟ੍ਰਾਂਸਪੋਰਟ ਮਾਫੀਆ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 40 ਦੇ ਕਰੀਬ ਕਾਂਗਰਸੀਆਂ ਦੇ ਨਾਂ ਇਸ ਸੂਚੀ ਵਿਚ ਸ਼ਾਮਲ ਹਨ। ਇਹ ਤਾਂ ਅਲੀ ਬਾਬਾ ਚਾਲੀ ਚੋਰ ਵਾਲੀ ਗੱਲ ਹੈ। ਹੁਣ ਅਲੀ ਬਾਬਾ ਦੱਸਣ ਕਿ ਰਾਹੁਲ ਗਾਂਧੀ ਕੋਲ ਜਾ ਕੇ ਕੀ ਹੋਵੇਗਾ। ਕੈਪਟਨ ਆਪਣੇ ਭ੍ਰਿਸ਼ਟ ਲੀਡਰਾਂ ਖ਼ਿਲਾਫ਼ ਖੁਦ ਕਾਰਵਾਈ ਕਿਉਂ ਨਹੀਂ ਕਰਦੇ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਵਲੋਂ ਪੈਨਸ਼ਨ ਦੁੱਗਣੀ ਕਰਨ ਨੂੰ ਮਨਜ਼ੂਰੀ
ਮਾਨ ਨੇ ਕਿਹਾ ਕਿ ਕਾਂਗਰਸ ਕੋਲ 80 ਵਿਧਾਇਕ ਹਨ, ਜਿਨ੍ਹਾਂ ਵਿਚੋਂ ਮੁੱਖ ਮੰਤਰੀ ਨੇ ਖੁਦ ਮੰਨਿਆ 40 ਵਿਧਾਇਕ ਕਰੱਪਟ, ਇਸ ਦਾ ਸਿੱਧਾ-ਸਿੱਧਾ ਮਤਲਬ ਕਿ 50 ਫ਼ੀਸਦੀ ਸਰਕਾਰ ਭ੍ਰਿਸ਼ਟ ਹੈ। ਇਸ ਲਈ ਮੁੱਖ ਮੰਤਰੀ ਕੋਲ ਸਰਕਾਰ ਚਲਾਉਣ ਦਾ ਕੋਈ ਵੀ ਨੈਤਿਕ ਹੱਕ ਨਹੀਂ, ਲਿਹਾਜ਼ਾ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਕੋਰੋਨਾ ਦੇ ਸਮੇਂ ਵਿਚ ਵੀ ਪੰਜਾਬ ਸਰਕਾਰ ਦੇ ਮੰਤਰੀ ਕੱਫਣਾ ’ਚੋਂ ਵੀ ਪੈਸੇ ਕਮਾਉਣ ’ਚੋਂ ਬਾਜ਼ ਨਹੀਂ ਆ ਰਹੇ। ਇਸ ਦੌਰਾਨ ਭਗਵੰਤ ਮਾਨ ਅਤੇ ਜਰਨੈਲ ਸਿੰਘ ਵਲੋਂ ਬਾਸਕਿੱਟ ਬਾਲ ਦੇ ਉੱਘੇ ਖਿਡਾਰੀ ਅਤੇ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ਨੂੰ ਆਮ ਆਦਮੀ ਪਾਰਟੀ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : ਬਠਿੰਡਾ ’ਚ ਕੋਰੋਨਾ ਨੇ ਉਜਾੜਿਆ ਇਕ ਹੋਰ ਪਰਿਵਾਰ, ਪਤੀ-ਪਤਨੀ ਨੇ ਇਕੱਠਿਆਂ ਤੋੜਿਆ ਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?