ਤਨਖਾਹ ''ਚ ਨਹੀਂ ਹੁੰਦਾ ਗੁਜ਼ਾਰਾ, ਹੁਣ ਆਸਟਰੇਲੀਆ ''ਚ ਕਾਮੇਡੀ ਕਰਨ ਜਾਣਗੇ ਭਗਵੰਤ ਮਾਨ

12/27/2019 6:48:37 PM

ਚੰਡੀਗੜ੍ਹ : ਕਲਾਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਇਕ ਵਾਰ ਫਿਰ ਆਪਣੀ ਕਾਮੇਡੀ ਰਾਹੀਂ ਸਟੇਜਾਂ 'ਤੇ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਇਸ ਦਾ ਖੁਲਾਸਾ ਖੁਦ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਐੱਮ. ਪੀ. ਦੀ ਤਨਖਾਹ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ ਹੈ, ਇਸ ਲਈ ਉਹ ਅਗਲੇ ਸਾਲ ਮਾਰਚ ਤੋਂ ਮੁੜ ਸਟੇਜ 'ਤੇ ਕਾਮੇਡੀ ਕਰਨੀ ਸ਼ੁਰੂ ਕਰਨਗੇ।

PunjabKesari

ਮਾਨ ਨੇ ਕਿਹਾ ਕਿ ਇਸ ਸੰਬੰਧੀ ਬਕਾਇਦਾ ਉਨ੍ਹਾਂ ਵਲੋਂ ਇਜਾਜ਼ਤ ਵੀ ਲੈ ਲਈ ਗਈ ਹੈ ਅਤੇ ਉਹ ਮਾਰਚ ਵਿਚ ਆਸਟਰੇਲੀਆ ਵਿਚ ਸ਼ੋਅ ਲਾਉਣ ਜਾਣਗੇ। ਮਾਨ ਨੇ ਇਹ ਵੀ ਕਿਹਾ ਕਿ ਐੱਮ. ਪੀ. ਵਜੋਂ ਉਨ੍ਹਾਂ ਦੀ ਤਨਖਾਹ 50 ਹਜ਼ਾਰ ਹੈ ਅਤੇ ਇਸ ਤਨਖਾਹ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ, ਇਸ ਲਈ ਉਨ੍ਹਾਂ ਨੂੰ ਕਈ ਵਾਰ ਆਪਣੇ ਦੋਸਤਾਂ ਤੋਂ ਪੈਸੇ ਉਧਾਰੇ ਵੀ ਲੈਣੇ ਪੈ ਜਾਂਦੇ ਹਨ। ਲਿਹਾਜ਼ਾ ਹੁਣ ਉਨ੍ਹਾਂ ਨੇ ਮੁੜ ਤੋਂ ਸਟੇਜ ਸ਼ੋਅ ਕਰਨ ਦਾ ਫੈਸਲਾ ਕੀਤਾ ਹੈ। 

PunjabKesari

ਦੱਸਣਯੋਗ ਹੈ ਕਿ ਕਲਾਕਾਰ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ 2012 ਵਿਚ ਸਿਆਸਤ 'ਚ ਪੈਰ ਧਰਿਆ ਸੀ। ਪਹਿਲੀ ਵਾਰ ਉਨ੍ਹਾਂ ਮਨਪ੍ਰੀਤ ਬਾਦਲ ਦੀ ਪਾਰਟੀ ਪੀ. ਪੀ. ਪੀ. ਵਲੋਂ ਚੋਣ ਲੜੀ ਅਤੇ ਹਾਰ ਗਏ। ਬਾਅਦ ਵਿਚ ਉਹ ਆਮ ਆਦਮੀ ਪਾਰਟੀ ਵਿਚ ਚਲੇ ਗਏ ਅਤੇ ਲਗਾਤਾਰ ਦੋ ਵਾਰ ਐੱਮ. ਪੀ. ਵਜੋਂ ਚੋਣ ਜਿੱਤ ਕੇ ਪਾਰਲੀਮੈਨ 'ਚ ਪੁੱਜੇ। ਭਗਵੰਤ ਮਾਨ 8 ਸਾਲ ਬਾਅਦ ਮੁੜ ਆਪਣੇ ਪੁਰਾਣੇ ਕਿੱਤੇ 'ਚ ਵਾਪਸੀ ਕਰ ਰਹੇ ਹਨ।


Gurminder Singh

Content Editor

Related News