ਕੈਪਟਨ ਤੇ ਬਾਦਲਾਂ ਨੇ ਤਬਾਹ ਕੀਤੀ ਪੰਜਾਬ ''ਚ ਸਰਕਾਰੀ ਸਕੂਲ ਸਿੱਖਿਆ : ਭਗਵੰਤ ਮਾਨ
Wednesday, Jul 15, 2020 - 10:33 PM (IST)

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ-ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਸਰਕਾਰ ਕੋਲੋਂ ਸਬਕ ਸਿੱਖਣ ਦੀ ਸਲਾਹ ਦਿੱਤੀ ਹੈ ਤਾਂ ਕਿ ਪੰਜਾਬ ਦੇ ਤਹਿਸ-ਨਹਿਸ ਹੋਏ ਸਰਕਾਰੀ ਸਕੂਲ ਸਿੱਖਿਆ ਢਾਂਚੇ ਵਿਚ ਦਿੱਲੀ ਵਾਂਗ ਕ੍ਰਾਂਤੀਕਾਰੀ ਸੁਧਾਰ ਲਿਆਂਦਾ ਜਾ ਸਕੇ। ਮਾਨ ਨੇ ਕਿਹਾ ਕਿ 1980 ਤੋਂ ਬਾਅਦ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਢਾਂਚੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਜਦੋਂ 1980 ਵਿਚ ਪੰਜਾਬ ਦੀ ਆਬਾਦੀ ਕਰੀਬ 1 ਕਰੋੜ 67 ਲੱਖ ਸੀ, ਉਦੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲਗਭਗ 40 ਲੱਖ ਵਿਦਿਆਰਥੀ ਸਨ, ਅੱਜ ਆਬਾਦੀ 3 ਕਰੋੜ ਤੋਂ ਵਧ ਗਈ ਹੈ ਪਰ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਗਿਣਤੀ ਘੱਟ ਕੇ ਕਰੀਬ 22 ਲੱਖ ਰਹਿ ਗਈ ਹੈ, ਇਸ ਲਈ ਕੈਪਟਨ ਅਤੇ ਬਾਦਲ ਸਭ ਤੋਂ ਵੱਧ ਜ਼ਿੰਮੇਵਾਰ ਹਨ।
ਮਾਨ ਨੇ ਕਿਹਾ ਕਿ 2016 ਤੋਂ ਲੈ ਕੇ ਅੱਜ ਤੱਕ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਕ੍ਰਮਵਾਰ 88.9 ਪ੍ਰਤੀਸ਼ਤ, 90 ਪ੍ਰਤੀਸ਼ਤ, 94 ਪ੍ਰਤੀਸ਼ਤ ਅਤੇ ਹੁਣ ਐਲਾਨਿਆ 2019 ਦਾ ਨਤੀਜਾ 97.92 ਪ੍ਰਤੀਸ਼ਤ ਰਿਹਾ ਹੈ, ਜੋ 70 ਸਾਲਾਂ ਦੇ ਇਤਿਹਾਸ ਵਿਚ ਦੇਸ਼ ਦੇ ਸਰਕਾਰੀ ਸਕੂਲਾਂ ਨਾਲੋਂ ਸਭ ਤੋਂ ਵੱਧ ਹੈ। ਇਸੇ ਕਰਕੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਲਗਾਤਾਰ ਦਾਖ਼ਲੇ ਵਧ ਰਹੇ ਹਨ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੈਂਚਾਂ 'ਤੇ ਅਮੀਰਾਂ ਅਤੇ ਅਫ਼ਸਰਾਂ ਦੇ ਬੱਚਿਆਂ ਬਰਾਬਰ ਗ਼ਰੀਬਾਂ ਦੇ ਬੱਚੇ ਵੀ ਬੈਠਦੇ ਹਨ। ਦੂਜੇ ਪਾਸੇ ਪੰਜਾਬ ਦੇ ਸਕੂਲਾਂ ਦਾ 'ਡਰਾਪ ਰੇਟ' ਚਿੰਤਾਜਨਕ ਹੈ। ਪਹਿਲੀ ਜਮਾਤ ਵਿਚ 2 ਲੱਖ ਤੋਂ ਵੱਧ ਬੱਚਾ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਂਦਾ ਹੈ ਅਤੇ 12 ਵੀਂ ਤੱਕ ਪੂਰਾ ਡੇਢ ਲੱਖ ਬੱਚਾ ਵੀ ਨਹੀਂ ਪਹੁੰਚਿਆ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਅਣਗਿਣਤ ਸਕੂਲਾਂ ਵਿਚ ਕਿਤੇ ਅਧਿਆਪਕ ਨਹੀਂ ਹਨ ਅਤੇ ਕਿਤੇ ਬੱਚੇ ਨਹੀਂ ਹਨ। ਸਰਹੱਦੀ ਸਕੂਲਾਂ ਬਾਰੇ ਤਾਜ਼ਾ ਅੰਕੜਾ ਸੁੰਨ ਕਰਨ ਵਾਲਾ ਹੈ। ਜਿੱਥੇ 50 ਸਕੂਲਾਂ ਵਿਚ ਇਕ ਵੀ ਅਧਿਆਪਕ ਨਹੀਂ ਅਤੇ 150 ਤੋਂ ਵੱਧ ਸਕੂਲਾਂ ਵਿਚ ਇਕ-ਇਕ ਅਧਿਆਪਕ ਹੈ। ਪੂਰੇ ਪੰਜਾਬ ਵਿਚ ਅਜਿਹੇ ਸਕੂਲਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ-ਬਾਦਲਾਂ ਨੇ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨੂੰ ਸਭ ਤੋਂ ਵੱਧ ਜ਼ਲੀਲ ਕੀਤਾ ਹੈ, ਇਕ ਪਾਸੇ ਸੈਂਕੜੇ ਸਕੂਲ ਅਧਿਆਪਕਾਂ ਤੋਂ ਵਾਂਝੇ ਹਨ, ਦੂਜੇ ਪਾਸੇ ਪੜ੍ਹੇ-ਲਿਖੇ ਅਤੇ ਯੋਗਤਾ ਪ੍ਰਾਪਤ ਅਧਿਆਪਕ ਬੇਰੁਜ਼ਗਾਰੀ ਕਾਰਨ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ ਅਤੇ ਮੰਤਰੀਆਂ-ਵਿਧਾਇਕਾਂ ਤੋਂ ਗਾਲ੍ਹਾਂ ਅਤੇ ਪੁਲਸ ਤੋਂ ਡਾਂਗਾਂ ਖਾ ਰਹੇ ਹਨ।