ਦਿੱਲੀ ਤੋਂ ਬਾਅਦ ਹੁਣ ਪੰਜਾਬ ''ਚ ਵੀ ''ਆਪ'' ਦੀ ਸਰਕਾਰ ਬਣਨ ਦੀ ਤਿਆਰੀ : ਭਗਵੰਤ ਮਾਨ

02/11/2020 9:05:13 PM

ਸੰਗਰੂਰ,(ਸਿੰਗਲਾ)- ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਪੰਜਾਬ ਨੇ ਦਿੱਲੀ ਵਿਚ ਆਪ ਵੱਲੋਂ 63 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਦੀ ਖੁਸ਼ੀ 'ਚ ਦਿੱਲੀ ਦੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਜਪਾ ਅਤੇ ਕਾਂਗਰਸ ਆਪਣੇ ਆਪ ਨੂੰ ਵੱਡੀਆਂ ਪਾਰਟੀਆਂ ਕਹਾਉਂਦੀਆਂ ਸਨ ਪਰ ਦਿੱਲੀ ਦੇ 'ਆਪ' ਦੇ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਪਾਰਟੀਆਂ ਦੇ ਮੂੰਹ ਬੰਦ ਕਰ ਕੇ ਰੱਖ ਦਿੱਤੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਹੁਣ ਦਿੱਲੀ ਤੋਂ ਬਾਅਦ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। 
ਜ਼ਿਕਰਯੋਗ ਹੈ ਕਿ ਦਿੱਲੀ 'ਚ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਸਾਰੇ ਹਲਕਿਆਂ 'ਚ ਡੋਰ ਟੂ ਡੋਰ ਜਾ ਕੇ ਸਟਾਰ ਪ੍ਰਚਾਰਕ ਵਜੋਂ ਉਮੀਦਵਾਰਾਂ ਦੇ ਹੱਕ ਵਿਚ ਕਈ-ਕਈ ਰੈਲੀਆਂ ਕੀਤੀਆਂ ਅਤੇ ਦਿਨ-ਰਾਤ ਇਕ ਕਰ ਕੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ 'ਆਪ' ਦੀ ਦਿੱਲੀ ਵਿਚ ਸਰਕਾਰ ਬਣਨ 'ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਸੀ। ਮਾਨ ਨੇ ਕਿਹਾ ਕਿ ਦਿੱਲੀ ਦੇ ਵੋਟਰਾਂ ਨੇ ਕੇਜਰੀਵਾਲ ਸਰਕਾਰ ਦੇ ਕੀਤੇ ਵਿਕਾਸ ਕੰਮਾਂ 'ਤੇ ਆਪਣੀ ਮੋਹਰ ਲਾਈ ਹੈ ਅਤੇ ਇਹ ਭਰੋਸਾ ਪ੍ਰਗਟ ਕੀਤਾ ਹੈ ਕਿ 'ਆਪ' ਤੋਂ ਵਧੀਆ ਦਿੱਲੀ ਦੇ ਲੋਕਾਂ ਲਈ ਕੋਈ ਹੋਰ ਸਰਕਾਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਰਕਾਰ ਦਾ ਅਸਰ ਪੰਜਾਬ 'ਚ ਵੀ ਹੋਵੇਗਾ ਅਤੇ ਪੰਜਾਬ ਦੀ ਰਾਜਨੀਤੀ ਵਿਚ ਜਲਦ ਹੀ ਵੱਡੇ ਫੇਰਬਦਲ ਦਿਖਾਈ ਦੇਣਗੇ। ਭਾਜਪਾ ਵੱਲੋਂ ਆਪਣੀ ਰਾਜ ਸ਼ਕਤੀ ਦਾ ਪੂਰਾ ਜ਼ੋਰ ਲਾਉਂਦੇ ਹੋਏ ਮੈਂਬਰ ਪਾਰਲੀਮੈਂਟਾਂ ਅਤੇ ਮੁੱਖ ਮੰਤਰੀਆਂ ਤੱਕ ਨੂੰ ਦਿੱਲੀ ਦੀਆਂ ਗਲੀਆਂ 'ਚ ਵੀ ਭੇਜਿਆ ਗਿਆ ਸੀ ਪਰ ਦਿੱਲੀ ਦੇ ਲੋਕਾਂ ਵੱਲੋਂ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ 'ਆਪ' 'ਤੇ ਭਰੋਸਾ ਪ੍ਰਗਟ ਕੀਤਾ ਹੈ।
 


Related News