ਫੂਲਕਾ ਦੇ ਅਸਤੀਫੇ ''ਤੇ ਭਗਵੰਤ ਮਾਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ

Friday, Aug 09, 2019 - 07:01 PM (IST)

ਫੂਲਕਾ ਦੇ ਅਸਤੀਫੇ ''ਤੇ ਭਗਵੰਤ ਮਾਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਖਾ ਤੋਂ 'ਆਪ' ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫਾ ਪ੍ਰਵਾਨ ਹੋਣ 'ਤੇ ਪ੍ਰਤੀਕਿਰਿਆ ਦਿੰਦਿਆਂ ਫੂਲਕਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਮਾਨ ਨੇ ਕਿਹਾ ਕਿ ਹਲਕੇ ਤੋਂ ਬਤੌਰ ਵਿਧਾਇਕ ਅਸਤੀਫਾ ਦੇਣਾ ਹਰਵਿੰਦਰ ਸਿੰਘ ਫੂਲਕਾ ਦਾ ਨਿਰੋਲ ਨਿੱਜੀ ਪੱਧਰ 'ਤੇ ਲਿਆ ਗਿਆ ਫੈਸਲਾ ਸੀ। 'ਆਪ' ਇਸ ਫੈਸਲੇ ਨਾਲ ਬਿਲਕੁਲ ਸਹਿਮਤ ਨਹੀਂ ਸੀ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮਾਨ ਨੇ ਕਿਹਾ ਕਿ ਪਾਰਟੀ ਮਹਿਸੂਸ ਕਰਦੀ ਹੈ ਕਿ ਦਾਖਾ ਹਲਕੇ ਦੇ ਵੋਟਰਾਂ ਨਾਲ ਧੱਕਾ ਹੋਇਆ ਹੈ। ਲੋਕਾਂ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਨਿਰਾਦਰ ਹੈ ਕਿਉਂਕਿ ਦਾਖਾ ਹਲਕੇ ਦੇ ਲੋਕਾਂ ਨੇ ਬੜੀਆਂ ਉਮੀਦਾਂ ਅਤੇ ਉਤਸ਼ਾਹ ਨਾਲ ਪਾਰਟੀ ਅਤੇ ਖਾਸ ਕਰਕੇ ਹਰਵਿੰਦਰ ਸਿੰਘ ਫੂਲਕਾ ਨੂੰ ਹਲਕੇ ਦੀ ਨੁਮਾਇੰਦਗੀ ਬਖਸ਼ੀ ਸੀ। ਫੂਲਕਾ ਵੱਲੋਂ ਅਧਵਟੇ ਅਸਤੀਫਾ ਦੇਣ 'ਤੇ ਪਾਰਟੀ ਨਿਰਾਸ਼ਾ ਮਹਿਸੂਸ ਕਰ ਰਹੀ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਪਾਰਟੀ ਵਿਧਾਇਕਾਂ ਖਾਸ ਕਰਕੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਡਵੋਕੇਟ ਫੂਲਕਾ ਨੂੰ ਪਾਰਟੀ ਦੇ ਇਕੋ-ਇਕ ਸਭ ਤੋਂ ਵੱਡੇ ਵਿਰੋਧੀ ਧਿਰ ਦੇ ਅਹੁਦੇ ਨਾਲ ਮਾਣ ਬਖਸ਼ਿਆ ਸੀ।

ਭਗਵੰਤ ਮਾਨ ਨੇ ਸਰਕਾਰ ਅਤੇ ਸਪੀਕਰ 'ਤੇ ਦੋਹਰੇ ਪੱਖਪਾਤੀ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਨੈਤਿਕ ਅਤੇ ਸੰਵਿਧਾਨਿਕ ਤੌਰ 'ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨਿਰਪੱਖਤਾ ਨਾਲ ਆਪਣੇ ਫਰਜ਼ ਨਹੀਂ ਨਿਭਾਅ ਰਹੇ। ਜੇਕਰ ਸਪੀਕਰ ਆਪਣੇ ਸੰਵਿਧਾਨਿਕ ਰੁਤਬੇ ਦੀ ਮਰਿਆਦਾ ਦਾ ਖਿਆਲ ਰੱਖਦੇ ਹੁੰਦੇ ਤਾਂ ਐਡਵੋਕੇਟ ਫੂਲਕਾ ਦੇ ਨਾਲ-ਨਾਲ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਅਸਤੀਫਾ ਪ੍ਰਵਾਨ ਕਰਦੇ।

ਇਸਦੇ ਨਾਲ ਹੀ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਬਤੌਰ ਵਿਧਾਇਕ ਮੈਂਬਰਸ਼ਿਪ ਰੱਦ ਕਰਦੇ ਕਿਉਂਕਿ ਇਨ੍ਹਾਂ ਸਾਰਿਆਂ ਨੇ ਪਾਰਟੀ ਦੇ ਨਾਲ-ਨਾਲ ਆਪਣੇ ਆਪਣੇ ਹਲਕੇ ਦੋ ਲੋਕਾਂ ਦੀ ਪਿੱਠ 'ਚ ਛੁਰੇ ਮਾਰੇ ਅਤੇ ਜ਼ਮੀਰਾਂ ਵੇਚ ਕੇ ਸਿੱਧੇ-ਅਸਿੱਧੇ ਤੌਰ 'ਤੇ ਕਾਂਗਰਸ ਅਤੇ ਬਾਦਲਾਂ ਦੀ ਝੋਲੀ 'ਚ ਜਾ ਬੈਠੇ। ਭਗਵੰਤ ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਖਹਿਰਾ ਖਿਲਾਫ ਪਾਰਟੀ ਨੇ ਲਿਖਤ ਰੂਪ 'ਚ ਕਾਰਵਾਈ ਮੰਗੀ ਹੈ ਪਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।


author

Gurminder Singh

Content Editor

Related News