ਬੇਰੁਜ਼ਗਾਰੀ ਅਤੇ ਨਸ਼ੇ ਕਾਰਨ ਅੱਜ ਦਾ ਨੌਜਵਾਨ ਭੱਜ ਰਿਹੈ ਵਿਦੇਸ਼ : ਭਗਵੰਤ ਮਾਨ
Wednesday, Sep 25, 2019 - 10:35 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਤਰਸੇਮ ਢੁੱਡੀ) - ਸੰਤ ਬਾਬਾ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਅਕਾਲਗੜ੍ਹ 'ਚ ਕਰਵਾਏ ਜਾ ਰਹੇ 24ਵੇਂ ਖੇਡ ਟੂਰਨਾਂਮੈਂਟ ਦੇ ਦੂਜੇ ਦਿਨ ਸੰਗਰੂਰ ਦੇ ਐੱਮ. ਪੀ. ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਖੇਡ ਦੇ ਗਰਾਉਂਡ ਨੂੰ ਸਿਆਸੀ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਸਿਆਸਤ ਕਰਨ ਲਈ ਖੇਡ ਗਰਾਉਂਡ ਤੋਂ ਇਲਾਵਾ ਹੋਰ ਬਹੁਤ ਥਾਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ 'ਚ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਅਤੇ ਨਸ਼ਾ ਹੈ। ਜੇਰਕ ਇਸ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਇਸ ਦੀ ਜਰੂਰਤ ਨਹੀਂ ਪਵੇਗੀ। ਇਸ ਦੇ ਲਈ ਖੇਡ ਗਾਉਂਡ ਜਰੂਰੀ ਹੈ। ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ। ਹਾਰ ਅਤੇ ਜਿੱਤ ਬਣੀ ਰਹਿੰਦੀ ਹੈ, ਪਰ ਮਨ ਛੋਟਾ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਉਹ ਕੰਮ ਦੇ ਨਾਂ 'ਤੇ ਸਿਆਸਤ ਨਹੀਂ ਕਰਦੇ। ਉਹ ਤਾਂ ਆਪਣੇ ਕੋਲ ਆਉਣ ਵਾਲੇ ਹਰ ਵਿਅਕਤੀ ਦਾ ਕੰਮ ਪਹਿਲ ਦੇ ਅਧਾਰ 'ਤੇ ਕਰਦੇ ਹਨ। ਭਾਵੇ ਕਿਸੇ ਨੇ ਉਨ੍ਹਾਂ ਨੂੰ ਵੋਟ ਦਿੱਤੀ ਹੈ ਜਾਂ ਨਹੀ। ਉਨ੍ਹਾਂ ਲਈ ਸਭ ਇਕ ਸਾਮਾਨ ਹਨ। ਇਸ ਦੌਰਾਨ ਉਨ੍ਹਾਂ ਨੇ 35 ਕਿਲੋ ਭਾਰ ਵਰਗ 'ਚ ਜੇਤੂ ਜੀਦਾ ਅਤੇ ਵਿਜੇਤਾ ਲੰਮੀ ਦੀ ਟੀਮ ਨੂੰ ਟ੍ਰਾਫੀ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਅੰਤ 'ਚ ਕਮੇਟੀ ਵਲੋਂ ਭਗਵੰਤ ਮਾਨ ਨੂੰ ਸਨਮਾਨਿਤ ਚਿੰਨ ਭੇਂਟ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪਰਮਿੰਦਰ ਪਾਸ਼ਾ, ਜਗਦੀਪ ਸਿੰਘ ਕਾਕਾ ਬਰਾੜ, ਜਗਦੀਪ ਸਿੰਘ ਸੰਧੂ, ਡੀ.ਐੱਸ.ਪੀ. ਤਲਵਿੰਦਰ ਸਿੰਘ ਗਿੱਲ, ਥਾਣਾ ਸਦਰ ਇੰਚਾਰਜ਼ ਪਰਮਜੀਤ ਸਿੰਘ ਸਮੇਤ ਪਿੰਡ ਦੀ ਟੂਰਨਾਮੈਂਟ ਕਮੇਟੀ ਤੇ ਹੋਰ ਹਾਜ਼ਰ ਸਨ।